ਗੁਰਦੀਪ ਸਿੰਘ ਲਾਲੀਸੰਗਰੂਰ, 25 ਦਸੰਬਰਕੰਪਿਊਟਰ ਅਧਿਆਪਕਾਂ ਵੱਲੋਂ ਮਰਨ ਵਰਤ ਦੇ ਚੌਥੇ ਦਿਨ ਅਤੇ ਲੜੀਵਾਰ ਭੁੱਖ ਹੜਤਾਲ ਦੇ 118ਵੇਂ ਦਿਨ ਅੱਜ ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਸ਼ਹਿਰ ’ਚ ਰੋਸ ਮਾਰਚ ਕਰਦਿਆਂ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਕੋਠੀ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ’ਚੇ ਪੰਜਾਬ ਭਰ ਤੋਂ ਪੁੱਜੇ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ। ਕੰਪਿਊਟਰ ਅਧਿਆਪਕ ਜੋਨੀ ਸਿੰਗਲਾ ਮਰਨ ਵਰਤ ’ਤੇ ਚੌਥੇ ਦਿਨ ਵੀ ਡਟਿਆ ਹੋਇਆ ਹੈ ਜਿਸ ਦਾ ਅੱਜ ਮੈਡੀਕਲ ਟੀਮ ਵਲੋਂ ਚੈੱਕਅਪ ਵੀ ਕੀਤਾ ਗਿਆ।ਜਾਣਕਾਰੀ ਅਨੁਸਾਰ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਤੋਂ ਕੰਪਿਊਟਰ ਅਧਿਆਪਕ ਸਥਾਨਕ ਡੀ.ਸੀ. ਦਫ਼ਤਰ ਅੱਗੇ ਮਰਨ ਵਰਤ ਅਤੇ ਭੁੱਖ ਹੜਤਾਲੀ ਮੋਰਚੇ ਵਿਚ ਸ਼ਾਮਲ ਹੋਏ। ਜਿਥੋਂ ਕੰਪਿਊਟਰ ਅਧਿਆਪਕ ਸ਼ਹਿਰ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕਰਦਿਆਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਕੋਠੀ ਅੱਗੇ ਪੁੱਜੇ ਅਤੇ ਰੋਸ ਧਰਨਾ ਦਿੰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡੀਏ ਬਹਾਲ ਕਰਨ ਦਾ ਕੀਤਾ ਵਾਅਦਾ ਯਾਦ ਕਰਾਉਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨਾਲ ਗੱਲ ਕਰਵਾਈ ਜਾਵੇ ਪਰ ਪ੍ਰਸ਼ਾਸਨ ਦੇ ਨਾਂਹ-ਪੱਖੀ ਹੁੰਗਾਰੇ ਨੂੰ ਦੇਖਦਿਆਂ ਅਧਿਆਪਕਾਂ ਨੇ ਕੌਮੀ ਹਾਈਵੇਅ-7 ਨੂੰ ਜਾਮ ਕਰਨ ਲਈ ਕੂਚ ਕਰ ਦਿੱਤਾ ਤੇ ਪੁਲੀਸ ਨੇ ਨਾਕਾਬੰਦੀ ਕਰਕੇ ਅਧਿਆਪਕਾਂ ਨੂੰ ਰਾਹ ਵਿਚ ਹੀ ਰੋਕ ਲਿਆ। ਅਧਿਆਪਕਾਂ ਵਲੋਂ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਘਰਸ਼ ਕਮੇਟੀ ਦੇ ਸੂਬਾ ਆਗੂ ਪਰਮਵੀਰ ਸਿੰਘ ਪੰਮੀ, ਪ੍ਰਦੀਪ ਕੁਮਾਰ ਮਲੂਕਾ, ਰਾਜਵੰਤ ਕੌਰ, ਰਣਜੀਤ ਸਿੰਘ, ਲਖਵਿੰਦਰ ਸਿੰਘ, ਗੁਰਬਖਸ਼ ਲਾਲ, ਜਸਵਿੰਦਰ ਸਿੰਘ (ਲੁਧਿਆਣਾ), ਨਾਇਬ ਸਿੰਘ ਬੁੱਕਣਵਾਲ ਨੇ ਕਿਹਾ ਕਿ ਕੰਪਿਊਟਰ ਅਧਿਆਪਕਾਂ ਦੀ ਲੜੀਵਾਰ ਭੁੱਖ ਹੜਤਾਲ 118 ਦਿਨਾਂ ਤੋਂ ਜਾਰੀ ਹੈ ਅਤੇ ਮਰਨ ਵਰਤ ਚੌਥੇ ਦਿਨ ਵਿਚ ਸ਼ਾਮਲ ਹੋ ਗਿਆ ਹੈ ਪਰ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਿਥੇ ਚੋਣਾਂ ਤੋਂ ਪਹਿਲਾਂ ‘ਆਪ’ ਆਗੂਆਂ ਵਲੋਂ ਸਰਕਾਰ ਬਣਨ ’ਤੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਸੀ ਉਥੇ ਪਿਛਲੇ ਮਹੀਨੇ ਮੀਟਿੰਗ ਦੌਰਾਨ ਵਿੱਤ ਮੰਤਰੀ ਵਲੋਂ ਠੱਪ ਪਿਆ ਡੀਏ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਵਾਅਦੇ ਪੂਰੇ ਕਰਨ ਦੀ ਬਜਾਏ ਲਾਰੇ ਲੱਪੇ ਵਾਲੀ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿਚ ਆਰ-ਪਾਰ ਦਾ ਸੰਘਰਸ਼ ਹੋਰ ਤਿੱਖਾ ਹੋਵੇਗਾ।