ਕ੍ਰਿਸ਼ਮਾ...
ਸੁੱਚਾ ਸਿੰਘ ਖੱਟੜਾ
ਪੁਰਾਣੀ ਗੱਲ ਹੈ, ਹਰਨਾਮ ਦਾਸ ਜੌਹਰ ਸਿੱਖਿਆ ਮੰਤਰੀ ਬਣੇ। ਕੁਝ ਲੋਕਾਂ ਨੂੰ ਹੁੰਦਾ ਹੈ ਕਿ ਜਦੋਂ ਉਹਨਾਂ ਨੂੰ ਕਰਨ ਲਈ ਕੋਈ ਸੰਭਾਵਨਾਵਾਂ ਭਰਪੂਰ ਕਾਰਜ ਮਿਲਦਾ ਹੈ ਤਾਂ ਉਹ ਕੁਝ ਨਵੇਕਲਾ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਦੇ ਹਨ। ਫਿਰ ਜੌਹਰ ਸਾਹਿਬ ਤਾਂ ਸੇਵਾ ਮੁਕਤ ਫੌਜੀ ਅਫਸਰ ਸਨ। ਉਹਨਾਂ ਨੂੰ ਵਿਭਾਗ ਦੀਆਂ ਸਮੱਸਿਆਵਾਂ ਦੀ ਚੁਣੌਤੀ ਨਾਲ ਦਸਤਪੰਜਾ ਲੈਣ ਦਾ ਚਾਅ ਕੁਦਰਤੀ ਵਧੇਰੇ ਹੋਵੇਗਾ। ਉਹਨਾਂ ਮਹਿਕਮੇ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਬੁਲਾ ਲਈ। ਡੀਪੀਆਈ ਦੇ ਸੁਨੇਹੇ ਦੀ ਜਾਣਕਾਰੀ ਮੈਂ ਪ੍ਰਧਾਨ ਸਾਥੀ ਦਲਜੀਤ ਸਿੰਘ ਨੂੰ ਦਿੱਤੀ ਅਤੇ ਮਿਥੀ ਮਿਤੀ ਨੂੰ ਗਿਆਰਾਂ ਵਜੇ ਸਿੱਖਿਆ ਬੋਰਡ ਦੇ ਕਮੇਟੀ ਰੂਮ ਵਿੱਚ ਪਹੁੰਚਣ ਲਈ ਫੋਨ ਲਗਾ ਦਿੱਤਾ। ਉਹਨਾਂ ਮੋੜਵੇਂ ਰੂਪ ਵਿੱਚ ਉੱਥੇ ਜਥੇਬੰਦੀ ਦਾ ਪੱਖ ਰੱਖਣ ਦੀ ਜਿ਼ੰਮੇਵਾਰੀ ਮੇਰੇ ਉੱਤੇ ਪਾ ਦਿੱਤੀ।
ਇੱਧਰ ਸਥਾਨਕ ਮਸਲਿਆਂ ਉੱਤੇ ਸਾਡੀ ਜਥੇਬੰਦੀ ਦਾ ਪੇਚਾ ਗੁਰਦਾਸ ਪੁਰ ਦੇ ਡੀਈਓ ਨਾਲ ਛੇ ਮਹੀਨੇ ਤੋਂ ਚੱਲ ਰਿਹਾ ਸੀ। ਅਧਿਕਾਰੀ ਸਿਆਸੀ ਪਹੁੰਚ ਵਾਲੀ ਸੀ। ਮੀਟਿੰਗ ਲਈ ਸਮਾਂ ਮਿਲਣਾ ਤਾਂ ਦੂਰ, ਪੰਦਰਾਂ ਸਾਥੀਆਂ ਉੱਤੇ ਦਫਤਰ ਵਿੱਚ ਭੰਨ ਤੋੜ ਦੇ ਝੂਠੇ ਫੌਜਦਾਰੀ ਕੇਸ ਬਣ ਚੁੱਕੇ ਸਨ। ਜਥੇਬੰਦੀ ਧਰਨੇ ਮੁਜ਼ਾਹਰੇ ਕਰ ਕੇ ਹੰਭ ਚੁੱਕੀ ਸੀ। ਪ੍ਰਸ਼ਾਸਨ ਅਤੇ ਦੋਨੋਂ ਡੀਪੀਆਈ ਹੱਥ ਖੜ੍ਹੇ ਕਰ ਚੁੱਕੇ ਸਨ। ਮੰਤਰੀ ਨਾਲ ਮੀਟਿੰਗ ਹੋ ਨਹੀਂ ਸੀ ਰਹੀ। ਹੁਣ ਮੰਤਰੀ ਨੇ ਤਾਂ ਮਿਲਣਾ ਸੀ ਪਰ ਸਾਰਿਆਂ ਸਾਹਮਣੇ ਅਤੇ ਮਿਲੇ ਏਜੰਡੇ ਵਿੱਚ ਸ਼ੁੱਧ ਆਪਣੀ ਜਥੇਬੰਦੀ ਦੀ, ਉਹ ਵੀ ਇਕ ਜਿ਼ਲ੍ਹੇ ਦੀ ਸਮੱਸਿਆ ਨੂੰ ਜਨਰਲਾਈਜ਼ ਕਰ ਕੇ ਮੰਤਰੀ ਦੇ ਏਜੰਡੇ ਨਾਲ ਜੋੜਨਾ ਸੀ ਅਤੇ ਸਮੁੱਚੇ ਸਿੱਖਿਆ ਸਿਸਟਮ ਦੀ ਸਮੱਸਿਆ ਬਣਾ ਕੇ ਪੇਸ਼ ਕਰਨੀ ਸੀ। ਇਸ ਅੜਾਉਣੀ ਨੇ ਰਾਤਾਂ ਨੂੰ ਬੇਅਰਾਮ ਕੀਤਾ ਹੋਇਆ ਸੀ।
ਤਿੰਨ ਚਾਰ ਕੁ ਦਿਨ ਹੀ ਵਿਚਕਾਰ ਸਨ। ਕਮੇਟੀ ਰੂਮ ਪਹੁੰਚਣ ਲਈ ਪੌੜੀਆਂ ਚੜ੍ਹਦਿਆਂ ਪ੍ਰਧਾਨ ਨੇ ਮਖੌਲੀਆ ਲਹਿਜੇ ਵਿੱਚ ਕਿਹਾ, “ਰਾਤ ਨੀਂਦ ਵਿੱਚ ਗੜਬੜ ਹੋਈ?” ਮੇਰਾ ਉੱਤਰ ਸੀ- “ਦੋ ਰਾਤਾਂ ਇਸੇ ਤਰ੍ਹਾਂ ਗੁਜ਼ਾਰੀਆਂ।” “ਫਿਰ ਤੂੰ ਸਭ ਤੋਂ ਅੱਛਾ ਬੋਲੇਂਗਾ।”... ਅੰਦਰ ਗਏ ਤਾਂ ਸਾਹਮਣੇ ਸਿੱਖਿਆ ਮੰਤਰੀ, ਉਹਨਾਂ ਦੇ ਸੱਜੇ ਪਾਸੇ ਸਿੱਖਿਆ ਸਕੱਤਰ ਅਤੇ ਡੀਜੀਐੱਸਈ ਖੱਬੇ ਪਾਸੇ ਤਿੰਨੇ ਡੀਪੀਆਈ ਬੈਠੇ ਸਨ। ਫਤਿਹ ਬੁਲਾ ਕੇ ਅਸੀਂ ਵੀ ਸ਼ਾਮਿਲ ਹੋ ਗਏ। ਪੰਜ ਕੁ ਮਿੰਟ ਬਾਅਦ ਮੀਟਿੰਗ ਸ਼ੁਰੂ ਹੋ ਗਈ। ਡੀਪੀਆਈ(ਸ) ਨੇ ਮੀਟਿੰਗ ਦੇ ਏਜੰਡੇ ਦੀ ਜਾਣਕਾਰੀ ਦਿੱਤੀ ਅਤੇ ਬੁਲਾਰੇ ਸ਼ੁਰੂ ਕਰਵਾ ਦਿੱਤੇ। ਅਜੇ ਤਿੰਨ ਕੁ ਬੁਲਾਰੇ ਹੀ ਬੋਲੇ ਸਨ ਕਿ ਮੰਤਰੀ ਜੀ ਨੇ ਲੁਧਿਆਣੇ ਕਿਸੇ ਸਮਾਗਮ ਵਿੱਚ ਸਮੇਂ ਉੱਤੇ ਪਹੁੰਚਣ ਲਈ ਮੀਟਿੰਗ ਜਲਦੀ ਸਮਾਪਤ ਕਰਨ ਲਈ ਕਹਿ ਦਿੱਤਾ। ਮੈਨੂੰ ਸੱਚਮੁੱਚ ਕੋਈ ਪਤਾ ਨਹੀਂ, ਕਿਸ ਨੇ ਕੀ ਕਿਹਾ; ਮੈਂ ਤਾਂ ਆਪਣੀ ਬਣਾਈ ਯੋਜਨਾਬੰਦੀ ਵਿੱਚ ਕੱਟ-ਵੱਢ ਕਰ ਰਿਹਾ ਸੀ। ਉਪਰੋਂ ਮੰਤਰੀ ਦੇ ਬੋਲਾਂ ਨੇ ਜਿਵੇਂ ਬਿਨਾਂ ਦੇਖਿਆਂ ਹੀ ਮੇਰਾ ਖਰੜਾ ਅਪ੍ਰਵਾਨ ਕਰ ਦਿੱਤਾ ਹੋਵੇ। ਮੈਂ ਸਟੇਜ ਸਕੱਤਰ ਦਾ ਕਾਰਜ ਸੰਭਾਲਦੇ ਡੀਪੀਆਈ(ਸ) ਗਿਆਨ ਸਿੰਘ ਦੀਆਂ ਨਜ਼ਰਾਂ ਨਾਲ ਨਜ਼ਰ ਮਿਲਾ ਕੇ ਆਪਣੀ ਵਾਰੀ ਲਈ ਇਸ਼ਾਰਾ ਕੀਤਾ। ਉਹ ਮੇਰੇ ਜਿ਼ਲ੍ਹੇ ਵਿੱਚ ਜਿ਼ਲ੍ਹਾ ਸਾਇੰਸ ਸੁਪਰਵਾਈਜ਼ਰ ਰਹਿ ਕੇ ਗਏ ਸਨ। ਮੇਰੇ ਸਕੂਲ ਕਈ ਵਾਰ ਆ ਚੁੱਕੇ ਸਨ। ਸਕੂਲ ਦੀ ਪੜ੍ਹਾਈ ਦੇ ਮਿਆਰ ਅਤੇ ਜ਼ੀਰੋ ਨਕਲ ਵਾਲੇ ਪ੍ਰੀਖਿਆ ਕੇਂਦਰ ਤੋਂ ਉਹ ਬਹੁਤ ਪ੍ਰਭਾਵਿਤ ਸਨ। ਮੈਥੋਂ ਪਹਿਲਾਂ ਦੋ ਤਿੰਨ ਬੁਲਾਰਿਆਂ ਦੀ ਵਾਰੀ ਆਉਣੀ ਚਾਹੀਦੀ ਸੀ ਪਰ ਉਹਨਾਂ ਮੇਰਾ ਨਾਂ ਬੋਲ ਦਿੱਤਾ।
ਮੈਂ ਸਭ ਤੋਂ ਪਹਿਲਾਂ ਆਪਣੀ ਮੁੱਖ ਅਧਿਆਪਕਾ ਦੇ ਤਸਦੀਕ ਕੀਤੇ ਆਪਣੇ ਪੰਦਰਾਂ ਸਾਲਾਂ ਦੇ ਨਤੀਜਿਆਂ ਦੀ ਇੱਕ-ਇੱਕ ਪੜ੍ਹਤ ਮੰਤਰੀ ਅਤੇ ਅਧਿਕਾਰੀਆਂ ਨੂੰ ਜਾ ਫੜਾਈ। ਵਾਪਸ ਆਪਣੀ ਸੀਟ ਉੱਤੇ ਪਹੁੰਚਣ ਤੱਕ ਮੰਤਰੀ ਅਤੇ ਅਧਿਕਾਰੀ ਨਤੀਜਿਆਂ ਉੱਤੇ ਨਜ਼ਰ ਮਾਰ ਚੁੱਕੇ ਸਨ। ਸਾਰੇ ਨਤੀਜੇ ਅੰਗਰੇਜ਼ੀ ਵਿਸ਼ੇ ਦੇ ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਸਨ। ਅੱਧਿਆਂ ਤੋਂ ਵੱਧ ਸੌ ਫੀਸਦੀ, ਬਾਕੀ ਰਹਿੰਦੇ ਉੱਚੀ ਪ੍ਰਤੀਸ਼ਤ ਨਾਲ ਪਲੱਸ ਸਨ। ਬੋਲਣ ਲੱਗਿਆਂ ਮੈਂ ਮੰਤਰੀ ਅਤੇ ਅਧਿਕਾਰੀਆਂ ਦੇ ਚਿਹਰਿਆਂ ਤੋਂ ਪੜ੍ਹ ਲਿਆ ਕਿ ਉਹ ਮੈਨੂੰ ਸੁਣਨਾ ਚਾਹੁੰਦੇ ਹਨ।
ਮੇਰੇ ਮੁਢਲੇ ਸ਼ਬਦ ਸਨ, “ਕਿੰਨੀ ਹੀ ਦੌੜ ਭੱਜ ਦੇ ਬਾਵਜੂਦ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਦੇ ਜੇਕਰ ਇਹ ਨਤੀਜੇ ਹਨ ਤਾਂ ਇਹ ਸਪੱਸ਼ਟ ਹੈ ਕਿ ਪੰਜਾਬ ਦਾ ਸਰਕਾਰੀ ਅਧਿਆਪਕ ਤਾਂ ਕੰਮ ਕਰਦਾ ਹੈ ਪਰ ਨੁਕਸ ਤੁਹਾਡੇ ਅਧਿਕਾਰੀਆਂ ਵਿੱਚ ਹੈ ਜਿਹੜੇ ਸਕੂਲਾਂ ਵਿੱਚ ਸਿੱਖਿਆ ਦਾ ਮਾਹੌਲ ਖਰਾਬ ਕਰ ਰੱਖਦੇ ਹਨ ਅਤੇ ਤੁਹਾਡੇ ਜਿਹਿਆਂ ਦੇ ਸੁਫਨਿਆਂ ਦੇ ਸਾਕਾਰ ਹੋਣ ਵਿੱਚ ਰੁਕਾਵਟਾਂ ਖੜ੍ਹੀਆਂ ਕਰਦੇ ਹਨ।” ਆਪਣੇ ਹੱਥ ਵਿੱਚ ਫਾਇਲ ਲਹਿਰਾਉਂਦਿਆਂ ਕਿਹਾ, “ਆਹ ਤੁਹਾਡੀ ਡੀਈਓ ਗੁਰਦਾਸ ਪੁਰ ਦੀ ਫਾਇਲ ਹੈ। ਉਸ ਦੇ ਸਿੱਖਿਆ ਅਤੇ ਅਧਿਆਪਕਾਂ ਵਿਰੋਧੀ ਕਾਰਜਾਂ ਦੇ ਦਸਤਾਵੇਜ਼ ਇਹਦੇ ਵਿੱਚ ਹਨ।” ਬਿਨਾਂ ਕੋਈ ਕਾਗਜ਼ ਬਾਹਰ ਕੱਢਿਆਂ ਮੈਂ ਉਸ ਵੱਲੋਂ ਆਪਣੀ ਹੀ ਮਰਜ਼ੀ ਨਾਲ ਕੀਤੀਆਂ ਅਧਿਆਪਕ ਬਦਲੀਆਂ ਅਤੇ ਕਿੰਨਾ ਕੁਝ ਹੋਰ ਇਕੋ ਸਾਹ ਬੋਲ ਦਿੱਤਾ। ਇਹ ਵੀ ਦੱਸ ਦਿੱਤਾ ਕਿ ਅਸੀਂ 6 ਮਹੀਨੇ ਤੋਂ ਉਸ ਵਿਰੁੱਧ ਸਾਰਾ ਕੁਝ, ਧਰਨੇ ਮੁਜ਼ਾਹਰਿਆਂ ਰਾਹੀਂ ਸਰਕਾਰ ਨੂੰ ਦੱਸਦੇ ਰਹੇ ਹਾਂ।”
“ਉਸ ਕੋ ਬਦਲੋ।” ਫੌਜੀ ਗੁੱਸੇ ਅਤੇ ਭਾਸ਼ਾ ਨੇ ਸਭ ਨੂੰ ਹੈਰਾਨ ਕਰ ਦਿੱਤਾ। “ਯੈੱਸ ਸਰ।” ਸਿੱਖਿਆ ਸਕੱਤਰ ਦਾ ਉੱਤਰ ਸੀ। “ਯੈੱਸ ਸਰ ਨਹੀਂ, ਅਭੀ ਕਰੋ।” ਕਹਿੰਦਿਆਂ ਮੰਤਰੀ ਜੀ ਮੀਟਿੰਗ ਰੂਮ ਤੋਂ ਬਾਹਰ ਹੋ ਗਏ। ਅਸੀਂ ਪੌੜੀਆਂ ਦੇ ਨੇੜੇ ਹੋਣ ਕਰ ਕੇ ਬਾਕੀ ਆਗੂਆਂ ਦੀ ਘੁਸਰ ਮੁਸਰ ਤੋਂ ਪਹਿਲਾਂ ਪੌੜੀਆਂ ਉਤਰ ਗਏ ਤਾਂ ਪ੍ਰਧਾਨ ਕਹਿਣ ਲਗਾ, “ਇਹ ਤੇਰੇ ਅਨੀਂਦਰੇ ਦੀ ਕਰਾਮਾਤ ਹੈ।”
ਦੂਜੇ ਦਿਨ ਡੀਈਓ ਨੂੰ ਮੁੜ ਪ੍ਰਿੰਸੀਪਲ ਲਗਾਉਣ ਦੇ ਹੁਕਮਾਂ ਦੀ ਜਾਣਕਾਰੀ ਡੀਪੀਆਈ(ਪ) ਦੇ ਪੀਏ ਜੋਗਿੰਦਰ ਪਾਲ ਸਿੰਘ ਨੇ ਦੁਪਿਹਰ ਤੋਂ ਪਹਿਲਾਂ ਹੀ ਦੇ ਦਿੱਤੀ। ਜਦੋਂ ਸੰਘਰਸ਼ਾਂ ਨਾਲ ਅਜਿਹਾ ਕੁਝ ਜੁੜ ਜਾਏ ਤਾਂ ਕ੍ਰਿਸ਼ਮਾ ਵੀ ਹੋ ਸਕਦਾ ਹੈ।
ਸੰਪਰਕ: 94176-52947