ਕੌਮੀ ਸਕੂਲ ਖੇਡਾਂ ਦਾ ਗੁਰੂ ਨਾਨਕ ਸਟੇਡੀਅਮ ’ਚ ਆਗਾਜ਼
ਸਤਵਿੰਦਰ ਬਸਰਾ
ਲੁਧਿਆਣਾ, 11 ਦਸੰਬਰ
ਸਥਾਨਕ ਗੁਰੂ ਨਾਨਕ ਸਟੇਡੀਅਮ ਵਿੱਚ ਅੱਜ 68ਵੀਆਂ ਕੌਮੀ ਸਕੂਲ ਖੇਡਾਂ ਦਾ ਧੂਮ-ਧਾਮ ਨਾਲ ਆਗਾਜ਼ ਹੋ ਗਿਆ। ਸੱਤ ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਦੇਸ਼ ਭਰ ਤੋਂ ਵੱਖ ਵੱਖ ਸਕੂਲਾਂ ਦੇ 3000 ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਪੂਰੀ ਮਿਹਨਤ ਅਤੇ ਅਨੁਸ਼ਾਸ਼ਨ ਵਿੱਚ ਰਹਿੰਦਿਆਂ ਤਗਮੇ ਜਿੱਤਣ ਲਈ ਪ੍ਰੇਰਿਤ ਕੀਤਾ। ਇਹ ਖੇਡਾਂ 17 ਦਸੰਬਰ ਤੱਕ ਚੱਲਣਗੀਆਂ। ਉਦਘਾਟਨੀ ਸਮਾਗਮ ਮੌਕੇ ਸ਼ਹਿਰ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਰਾਹੀਂ ਹਰ ਦੇਖਣ ਵਾਲੇ ਵਿੱਚ ਜੋਸ਼ ਭਰ ਦਿੱਤਾ।
ਡਿਪਟੀ ਕਮਿਸ਼ਨਰ ਜੋਰਵਾਲ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਸਾਰੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰੀ ਵਿਦਿਆਲਿਆ, ਨਵੋਦਿਆ ਵਿਦਿਆਲਿਆ ਅਤੇ ਵਿਦਿਆ ਭਾਰਤੀ ਸਕੂਲ ਸਮੇਤ 3,000 ਤੋਂ ਵੱਧ ਅਥਲੀਟ ਚਾਰ ਖੇਡਾਂ ਵਿੱਚ ਹਿੱਸਾ ਲੈਣਗੇ। ਇੱਥੇ ਲੜਕੇ ਅਤੇ ਲੜਕੀਆਂ ਦੀ ਨੈੱਟਬਾਲ (ਅੰਡਰ-17), ਹੈਂਡਬਾਲ (ਅੰਡਰ-19), ਜੂਡੋ (ਅੰਡਰ-19) ਤੇ ਕਰਾਟੇ (ਅੰਡਰ-14) ਆਦਿ ਖੇਡਾਂ ਦੇ ਮੁਕਾਬਲੇ ਹੋਣਗੇ। ਸ੍ਰੀ ਜਤਿੰਦਰ ਨੇ ਸਾਰੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਖੇਡਾਂ ਵਿੱਚ ਸਫਲਤਾ ਨਾ ਸਿਰਫ਼ ਆਪਣੇ ਆਪ ਨੂੰ ਮਾਣ ਦਿੰਦੀ ਹੈ ਬਲਕਿ ਕੋਚਾਂ, ਮਾਪਿਆਂ ਅਤੇ ਪੂਰੇ ਸੂਬੇ ਦਾ ਮਾਣ ਵੀ ਵਧਾਉਂਦੀ ਹੈ। ਉਹਨਾਂ ਨੇ ਕਿਹਾ ਕਿ ਇਹ ਖੇਡਾਂ ਉਭਰਦੇ ਐਥਲੀਟਾਂ ਲਈ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਵਧੀਆ ਪਲੇਟਫਾਰਮ ਦਾ ਕੰਮ ਕਰਦੀਆਂ ਹਨ। ਇਸ ਮੌਕੇ ਮੁੱਖ ਮੰਤਰੀ ਦੀ ਫੀਲਡ ਅਫਸਰ ਕ੍ਰਿਤਿਕਾ ਗੋਇਲ, ਡਿਪਟੀ ਡਾਇਰੈਕਟਰ ਸੁਨੀਲ ਕੁਮਾਰ, ਡੀ.ਈ.ਓ ਸੈਕੰਡਰੀ ਡਿੰਪਲ ਮਦਾਨ, ਡੀਡੀਈਓ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਹਿਲੇ ਦਿਨ ਨੈੱਟਬਾਲ ’ਚ ਛੱਤੀਸਗੜ੍ਹ ਤੇ ਦਿੱਲੀ ਜੇਤੂ
ਕੌਮੀ ਸਕੂਲ ਖੇਡਾਂ ਦੇ ਪਹਿਲੇ ਦਿਨ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਮਿਲੇ ਨਤੀਜਿਆਂ ’ਚ ਨੈੱਟਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਛੱਤੀਸਗੜ੍ਹ ਨੇ ਝਾਰਖੰਡ ਨੂੰ 26-18, ਦਿੱਲੀ ਨੇ ਚੰਡੀਗੜ੍ਹ ਨੂੰ 21-13 ਨਾਲ ਹਰਾਇਆ। ਨੈੱਟਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਆਈਪੀਐੱਸਈ ਨੇ ਵਿਦਿਆ ਭਾਰਤੀ ਨੂੰ 16-0 ਨਾਲ, ਤੇਲੰਗਾਨਾ ਨੇ ਤਾਮਿਲਨਾਡੂ ਨੂੰ 21-05 ਨਾਲ ਹਰਾਇਆ। ਹੈਂਡਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਪੰਜਾਬ ਨੇ ਸੀਆਈਐੱਸਸੀਈ ਨੂੰ 43-10 ਨਾਲ, ਹਰਿਆਣਾ ਨੇ ਛੱਤੀਸਗੜ੍ਹ ਨੂੰ 50-18 ਨਾਲ ਹਰਾਇਆ। ਹੈਂਡਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਹਰਿਆਣਾ ਨੇ ਵਿਦਿਆ ਭਾਰਤੀ ਨੂੰ 38-4 ਨਾਲ, ਬਿਹਾਰ ਨੇ ਸੀਆਈਐਸਸੀਈ ਨੂੰ 19-6 ਨਾਲ ਹਰਾਇਆ।