ਕੌਮੀ ਰਾਜਧਾਨੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਅਪਰੈਲ
ਕੌਮੀ ਰਾਜਧਾਨੀ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇਸ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹਿੰਦੇ ਦੋ ਮੈਂਬਰ ਬੀਬੀ ਰਣਜੀਤ ਕੌਰ ਅਤੇ ਸੁਖਵਿੰਦਰ ਸਿੰਘ ਬੱਬਰ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ’ਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਇਹ ਦੋਵੇਂ ਕਮੇਟੀ ਮੈਂਬਰ ਕਈ ਮਹੀਨਿਆਂ ਤੋਂ ਸਿਆਸੀ ਤੌਰ ’ਤੇ ਖਾਮੋਸ਼ ਸਨ ਅਤੇ ਉਨ੍ਹਾਂ ਨੇ ਬਾਦਲ ਧੜੇ ਦੀਆਂ ਸਰਗਰਮੀਆਂ ਤੋਂ ਦੂਰੀ ਬਣਾਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਪਰਮਜੀਤ ਸਿੰਘ ਸਰਨਾ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਬਾਗਡੋਰ ਸੌਂਪਣ ਤੋਂ ਖਫਾ ਸਨ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਬੱਬਰ ਸਕੱਤਰ ਜਨਰਲ ਦੀਆਂ ਦੀਆਂ ਸੇਵਾਵਾਂ ਨਿਭਾਅ ਰਹੇ ਸਨ ਜਦੋਂ ਕਿ ਬੀਬੀ ਰਣਜੀਤ ਕੌਰ ਇਸਤਰੀ ਇਕਾਈ ਦੀ ਅਗਵਾਈ ਕਰ ਰਹੇ ਸਨ। ਜੇਕਰ ਅਦਾਲਤੀ ਹੁਕਮਾਂ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਉਕਤ ਦੋਵੇਂ ਆਗੂਆਂ ਨੂੰ ਉਨ੍ਹਾਂ ਦੇ ਮੌਜੂਦਾ ਯਮੁਨਾ ਪਾਰ ਅਤੇ ਪੱਛਮੀ ਦਿੱਲੀ ਦੇ ਇਲਾਕੇ ਵਿੱਚ ਟਿਕਟ ਮਿਲ ਸਕਦੀ ਹੈ।
ਇਸ ਮੌਕੇ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਦੀ ਸੰਗਤ ਨੇ ਪਹਿਲਾਂ ਹੀ ਵੇਖ ਲਿਆ ਸੀ ਕਿ ਕਮੇਟੀ ਦੀ ਮੌਜੂਦਾ ਟੀਮ ਹੀ ਸੰਗਤ ਦੀ ਸਹੀ ਅਰਥਾਂ ਵਿਚ ਸੇਵਾ ਕਰ ਰਹੀ ਹੈ ਜਿਸ ਨੇ ਨਾ ਸਿਰਫ ਗੁਰਦੁਆਰਾ ਬੰਗਲਾ ਸਾਹਿਬ ’ਚ ਵਧੀਆ ਸਿਹਤ ਕੇਂਦਰ ਚਲਾਇਆ ਬਲਕਿ ਬਾਲਾ ਸਾਹਿਬ ਹਸਪਤਾਲ ਤੇ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤੇ ਗੁਰੂ ਘਰਾਂ ਦੀ ਸੁਚੱਜੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਬੀਬੀ ਰਣਜੀਤ ਕੌਰ ਤੇ ਸੁਖਵਿੰਦਰ ਸਿੰਘ ਬੱਬਰ ਦੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਹੈ ਤੇ ਇਨ੍ਹਾਂ ਦੋਵਾਂ ਤਜ਼ਰਬੇਕਾਰ ਆਗੂਆਂ ਦੀ ਪਾਰਟੀ ਵਿਚ ਸ਼ਮੂਲੀਅਤ ਨਾਲ ਇਸ ਨੂੰ ਹੋਰ ਉਤਸ਼ਾਹ ਮਿਲਿਆ ਹੈ।
ਇਸ ਮੌਕੇ ’ਤੇ ਬੀਬੀ ਰਣਜੀਤ ਕੌਰ ਤੇ ਸੁਖਵਿੰਦਰ ਸਿੰਘ ਬੱਬਰ ਨੇ ਕਿਹਾ ਕਿ ਚਾਰ ਸਾਲਾਂ ਵਿਚ ਉਨ੍ਹਾਂ ਵੇਖਿਆ ਹੈ ਕਿ ਮੌਜੂਦਾ ਟੀਮ ਕਿਵੇਂ ਸਮਰਪਣ ਦੀ ਭਾਵਨਾ ਨਾਲ ਸੰਗਤ ਦੀ ਸੇਵਾ ਕਰ ਰਹੀ ਹੈ ਤੇ ਇਸੇ ਕਾਰਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਤਾਂ ਜੋ ਦਿੱਲੀ ਦੀ ਸੰਗਤ ਦੀ ਸੇਵਾ ਕਰ ਸਕਣ।