ਕੌਮੀ ਰਾਜਧਾਨੀ ’ਚ ਗਰਮੀ ਨੇ ਜ਼ੋਰ ਫੜਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਈ
ਕੌਮੀ ਰਾਜਧਾਨੀ ਦਿੱਲੀ ਵਿੱਚ ਪੱਛਮੀ ਗੜਬੜੀ ਕਾਰਨ ਅੱਜ ਤੋਂ ਗਰਮੀ ਮੁੜ ਵਧਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਵਿੱਚ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਟੱਪਣ ਦੀ ਸੰਭਾਵਨਾ ਹੈ। ਅਗਲਾ ਹਫ਼ਤਾ ਦਿੱਲੀ ਅਤੇ ਐੱਨਸੀਆਰ ਦੇ ਲੋਕਾਂ ਲਈ ਗਰਮੀ ਵਾਲਾ ਹੋਵੇਗਾ। ਅੱਜ ਵੀ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ ਜਦੋਂ ਕਿ ਘੱਟੋ-ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬੀਤੇ ਦਿਨਾਂ ਦੇ ਮੁਕਾਬਲੇ ਅੱਜ ਤਾਪਮਾਨ ਵਿੱਚ ਵਾਧਾ ਇੱਕ ਤੋਂ ਦੋ ਡਿਗਰੀ ਆਮ ਦਿਨਾਂ ਅਨੁਸਾਰ ਹੈ। ਤੇਜ਼ ਧੁੱਪ ਕਾਰਨ ਲੋਕ ਘਰਾਂ ’ਚ ਹੀ ਰਹੇ। ਮੌਸਮ ਵਿਭਾਗ ਅਨੁਸਾਰ ਅੱਜ ਅੰਸ਼ਕ ਤੌਰ ’ਤੇ ਬੱਦਲਵਾਈ ਰਹੀ ਅਤੇ 15 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਰਿਜ ਵਿੱਚ ਸਭ ਤੋਂ ਵੱਧ ਤਾਪਮਾਨ 38.6 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਮਯੂਰ ਵਿਹਾਰ ’ਚ ਸਭ ਤੋਂ ਵੱਧ ਘੱਟੋ-ਘੱਟ ਤਾਪਮਾਨ 24.3 ਡਿਗਰੀ ਦਰਜ ਕੀਤਾ ਗਿਆ। ਦੂਜੇ ਪਾਸੇ ਲਗਾਤਾਰ ਛੇਵੇਂ ਦਿਨ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਜਾਰੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ ਦੇ ਸ਼ਾਦੀਪੁਰ ਦਾ ਏਕਿਊਆਈ 158 ਦਰਜ ਕੀਤਾ ਗਿਆ। ਪੂਸਾ ਰੋਡ ’ਚ 137 ਮਾਪਿਆ ਗਿਆ। ਇਸ ਨੂੰ ਦਰਮਿਆਨੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਐੱਨਸੀਆਰ ਸ਼ਹਿਰਾਂ ਵਿੱਚ ਵੀ ਇਹੀ ਸਥਿਤੀ ਹੈ। ਫਿਲਹਾਲ ਇਸ ਦੇ ਦਰਮਿਆਨੇ ਵਰਗ ਵਿੱਚ ਰਹਿਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 37.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 1.7 ਡਿਗਰੀ ਘੱਟ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 23.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।