ਕੌਮੀ ਮੁਕਾਬਲੇ ’ਚ ਜੇਤੂ ਰਹੀ ਰੱਸਾਕਸ਼ੀ ਟੀਮ ਦਾ ਸਨਮਾਨ
ਹਰਦੀਪ ਸਿੰਘ
ਧਰਮਕੋਟ, 14 ਜਨਵਰੀ
ਕੌਮੀ ਖੇਡਾਂ ਵਿੱਚ ਜੇਤੂ ਰਹੀ ਪਿੰਡ ਖੋਸਾ ਕੋਟਲਾ ਦੀ ਰੱਸਾਕਸ਼ੀ ਟੀਮ ਦਾ ਅੱਜ ਗੁਰਦੁਆਰਾ ਗੁਰੂਸਰ ਸਾਹਿਬ ਛੇਵੀਂ ਪਾਤਸ਼ਾਹੀ ਵਿਚ ਸਨਮਾਨ ਕੀਤਾ ਗਿਆ। ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲਿਆਂ ਦੀ ਰਹਿਨੁਮਾਈ ਹੇਠ ਹੋਏ ਸਨਮਾਨ ਸਮਾਰੋਹ ਵਿੱਚ ਟੀਮ ਦਾ ਸਨਮਾਨ ਹੋਇਆ। ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਗੁਰਦੁਆਰਾ ਸਾਹਿਬ ਵਿਖੇ ਮਾਘ ਮਹੀਨੇ ਦੇ ਸਮਾਗਮ ਵਿੱਚ ਸ਼ਾਮਲ ਹੋਏ। ਜੇਤੂ ਟੀਮ ਦਾ ਸਨਮਾਨ ਕਰਨਦਿਆਂ ਵਿਧਾਇਕ ਢੋਸ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਰੱਸਾਕਸ਼ੀ ਜਿਹੀਆਂ ਪੇਂਡੂ ਖੇਡਾਂ ਨੌਜਵਾਨੀ ਵਿੱਚ ਉਤਸ਼ਾਹ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਪੇਂਡੂ ਖੇਡਾਂ ਜਿਸ ਵਿੱਚ ਕਬੱਡੀ ਅਤੇ ਰੱਸਾਕਸ਼ੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ ਨੇ ਕੌਮਾਂਤਰੀ ਪ੍ਰਸਿੱਧੀ ਹਾਸਲ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਸਹਾਈ ਸਿੱਧ ਹੋ ਸਕਦੀਆਂ ਹਨ ਜੇ ਨੌਜਵਾਨ ਇਸ ਪਾਸੇ ਤੁਰਨ। ਵਿਧਾਇਕ ਨੇ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲਿਆਂ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਕਿ ਉਹ ਪਿੰਡ ਦੇ ਨੌਜਵਾਨਾਂ ਨੂੰ ਬਾਣੀ ਦੇ ਨਾਲ-ਨਾਲ ਖੇਡ ਪਿੱੜ ਵਿੱਚ ਵੀ ਮਜ਼ਬੂਤ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿੰਡ ਖੋਸਾ ਕੋਟਲਾ ਦੀ ਟੀਮ ਨੇ ਪੰਜਾਬ ਵੱਲੋਂ ਖੇਡਦਿਆਂ ਕੌਮੀ ਖੇਡਾਂ ਵਿੱਚ ਹਿੱਸਾ ਲਿਆ ਅਤੇ ਆਪਣੀ ਜਿੱਤ ਦਰਜ ਕਰਵਾਈ।