ਕੌਮੀ ਬਾਲ ਕਮਿਸ਼ਨ ਵੱਲੋਂ ਸਕੂਲ ’ਚ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਦਾ ਨੋਟਿਸ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 9 ਅਕਤੂਬਰ
ਸਰਕਾਰੀ ਮਿਡਲ ਸਮਾਰਟ ਸਕੂਲ ਜਿਆਣ ਦਾ ਕੰਪਲੈਕਸ ਸੀਵਰੇਜ ਦਾ ਗੰਦੇ ਪਾਣੀ ਨਾਲ ਘਿਰਿਆ ਹੋਇਆ ਹੈ ਜਿਸ ਸਬੰਧੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਵਲੋਂ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਇਲਡ ਰਾਇਟਸ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਦਾ ਨੋਟਿਸ ਲੈਂਦਿਆਂ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਈ-ਮੇਲ ਕਰਕੇ 10 ਦਿਨਾਂ ਵਿਚ ਸਕੂਲ ਦੀ ਹਾਲਤ ਠੀਕ ਕਰਵਾਉਣ ਲਈ ਕਿਹਾ ਹੈ। ਧੀਮਾਨ ਨੇ ਦੱਸਿਆ ਕਿ ਸਕੂਲ ਕੰਪਲੈਕਸ ਦੇ ਅੰਦਰ ਤੇ ਬਾਹਰ ਗੰਦੇ ਪਾਣੀ ਦਾ ਲੱਗਿਆ ਛੱਪੜ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਸੀ ਪਰ ਨਾ ਤਾਂ ਸਿੱਖਿਆ ਵਿਭਾਗ ਅਤੇ ਨਾ ਹੀ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵਲੋਂ ਇਸ ਵੱਲ ਕੋਈ ਧਿਆਨ ਦਿੱਤਾ ਗਿਆ। ਧੀਮਾਨ ਨੇ ਕਿਹਾ ਕਿ ਅਜਿਹੇ ਗੰਦਗੀ ਭਰੇ ਹਾਲਾਤ ਵਿਚ ਬੱਚਿਆਂ ਦਾ ਖਾਣਾ ਬਣਦਾ ਹੈ ਤੇ ਉਥੇ ਹੀ ਬੱਚੇ ਖਾਣਾ ਖਾਂਦੇ ਵੀ ਹਨ। ਕਈ ਵਾਰ ਬੱਚੇ ਬਿਮਾਰ ਵੀ ਹੋ ਚੁੱਕੇ ਹਨ। ਸ਼ਿਕਾਇਤ ’ਚ ਲਿਖਿਆ ਹੈ ਕਿ ਸਿਖਿਆ ਦਾ ਮਿਆਰ ਬਣਾ ਕੇ ਰੱਖਣਾ ਤੇ ਸਕੂਲ ਦੇ ਚੌਗਿਰਦੇ ਨੂੰ ਸਾਫ਼ ਰੱਖਣਾ ਸਰਕਾਰ ਦੀ ਮੁਢਲੀ ਸੰਵਿਧਾਨਿਕ ਡਿਊਟੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਖਿਆ ਦੇ ਸੁਧਾਰ ਨੂੰ ਲੈ ਕੇ ਵੱਡੇ ਬਿਆਨ ਦੇ ਰਹੀ ਹੈ ਪਰ ਅਸਲੀਅਤ ਸੱਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਜਿਆਣ ਸਕੂਲ ਦੇ ਆਲੇ-ਦੁਆਲੇ ਖੜ੍ਹਾ ਗੰਦਾ ਪਾਣੀ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਜਦੋਂ ਸਥਾਨਕ ਪ੍ਰਸ਼ਾਸਨ ਨੇ ਸਕੂਲ ਦੀ ਹਾਲਤ ਸੁਧਾਰਨ ਲਈ ਦਿੱਤੀਆਂ ਅਰਜ਼ੀਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ।