ਕੌਮਾਂਤਰੀ ਨਸ਼ਾ ਤਸਕਰ ਗਰੋਹ ਦੇ ਤਿੰਨ ਮੈਂਬਰ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਮਈ
ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ (ਸੀਆਈ) ਵਿੰਗ ਅੰਮ੍ਰਿਤਸਰ ਨੇ ਕੈਨੇਡਾ ਆਧਾਰਿਤ ਨਸ਼ਾ ਤਸਕਰ ਸੋਨੂੰ ਵੱਲੋਂ ਚਲਾਏ ਜਾ ਰਹੇ ਕੌਮਾਂਤਰੀ ਨਾਰਕੋ-ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਸ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 2.5 ਕਿਲੋ ਹੈਰੋਇਨ ਅਤੇ 42 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਅਜੈਪਾਲ ਸਿੰਘ ਉਰਫ਼ ਅਜੈ ਵਾਸੀ ਸਰਾਏ ਅਮਾਨਤ ਖ਼ਾਨ, ਹਰਦੀਪ ਸਿੰਘ ਵਾਸੀ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਅਲੀਪੁਰ ਦੇ ਵਸਨੀਕ ਮਿਲਾਪ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਤਸਕਰੀ ਲਈ ਵਿੱਚ ਵਰਤੇ ਜਾ ਰਹੇ ਉਨ੍ਹਾਂ ਦੇ ਮੋਟਰਸਾਈਕਲ ਅਤੇ ਕਾਰ ਨੂੰ ਵੀ ਜ਼ਬਤ ਕੀਤ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੀਆਈ ਅੰਮ੍ਰਿਤਸਰ ਨੂੰ ਕੈਨੇਡਾ ਆਧਾਰਿਤ ਸੋਨੂੰ ਵੱਲੋਂ ਸਾਥੀਆਂ ਦੀ ਮਦਦ ਨਾਲ ਨਸ਼ਾ ਤਸਕਰੀ ਦੀ ਜਾਣਕਾਰੀ ਮਿਲੀ ਸੀ। ਇਸ ਮਗਰੋਂ ਸੀਆਈ ਅੰਮ੍ਰਿਤਸਰ ਦੀ ਟੀਮ ਨੇ ਛਾਪਾ ਮਾਰਿਆ ਤੇ ਮੁਲਜ਼ਮਾਂ ਅਜੈਪਾਲ ਸਿੰਘ ਅਤੇ ਹਰਦੀਪ ਸਿੰਘ ਨੂੰ ਅੱਡਾ ਖਾਸਾ ਤੋਂ ਖੁਰਮਣੀਆਂ ਆਉਂਦੇ ਹੋਏ ਕਾਬੂ ਕਰ ਲਿਆ। ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਡਰੱਗ ਮਨੀ ਆਪਣੇ ਇੱਕ ਹੋਰ ਸਾਥੀ ਮਿਲਾਪ ਸਿੰਘ ਨੂੰ ਸੌਂਪਣ ਦੇ ਕੀਤੇ ਖੁਲਾਸੇ ’ਤੇ ਉਸ ਨੂੰ ਅਲੀਪੁਰ ਨੇੜੇ ਗ੍ਰਿਫ਼ਤਾਰ ਕੀਤਾ।
ਤਸਕਰਾਂ ਦੀ ਨਿਸ਼ਾਨਦੇਹੀ ’ਤੇ ਪਿਸਤੌਲ ਤੇ ਡਰੱਗ ਮਨੀ ਬਰਾਮਦ
ਪਠਾਨਕੋਟ (ਪੱਤਰ ਪ੍ਰੇਰਕ): ਪਠਾਨਕੋਟ ਪੁਲੀਸ ਨੇ ਨਸ਼ਾ ਤਸਕਰਾਂ ਦੀ ਨਿਸ਼ਾਨਦੇਹੀ ’ਤੇ 32 ਬੋਰ ਦਾ ਰਿਵਾਲਵਰ, ਕਾਰਤੂਸ ਤੇ ਸਵਾ ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੇ ਦਿਨੀਂ ਪਠਾਨਕੋਟ-ਜਲੰਧਰ ਕੌਮੀ ਮਾਰਗ ’ਤੇ ਬਿਆਸ ਦਰਿਆ ਦੇ ਪੁਲ ਉੱਪਰ ਨਾਕੇ ’ਤੇ ਕਾਰ ਸਵਾਰਾਂ ਅਤੇ ਪੁਲੀਸ ਵਿਚਾਲੇ ਮੁਕਾਬਲੇ ਵਿੱਚ ਤਸਕਰ ਰਾਜੀਵ ਕੁਮਾਰ ਉਰਫ਼ ਅੱਬੀ ਵਾਸੀ ਮੁਹੱਲਾ ਸਾਂਸੀਆਂ ਬਹਿਰਾਮਪੁਰ ਜ਼ਖ਼ਮੀ ਹੋ ਗਿਆ ਸੀ। ਜਦ ਕਿ ਉਸ ਦੇ 3 ਸਾਥੀਆਂ ਨੂੰ ਪੁਲੀਸ ਨੇ ਕੰਡਵਾਲ ਬੈਰੀਅਰ (ਹਿਮਾਚਲ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕੀਤਾ ਸੀ।