ਕੌਂਸਲ ਪ੍ਰਧਾਨ ਵਿਰੁੱਧ ਬੇਭਰੋਸਗੀ ਮਤੇ ਸਬੰਧੀ ਰੱਖੀ ਮੀਟਿੰਗ ਪ੍ਰਸ਼ਾਸਨ ਵੱਲੋਂ ਰੱਦ
ਸ਼ਸ਼ੀ ਪਾਲ ਜੈਨ
ਖਰੜ, 6 ਫਰਵਰੀ
ਸਥਾਨਕ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਵੱਲੋਂ ਅੱਜ ਉਨ੍ਹਾਂ ਵਿਰੁੱਧ ਕੌਂਸਲ ਦੇ 18 ਮੈਂਬਰਾਂ ਵੱਲੋਂ ਦਿੱਤੇ ਗਏ ਬੇ-ਭਰੋਸਗੀ ਦੇ ਮਤੇ ‘ਤੇ ਵਿਚਾਰ ਕਰਨ ਲਈ ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ ਪਰ ਜਦੋਂ ਉਨ੍ਹਾਂ ਦਾ ਕਮਰਾ ਬੰਦ ਪਾਇਆ ਗਿਆ ਤਾਂ ਉਨ੍ਹਾਂ ਸਾਥੀ ਮੈਂਬਰਾਂ ਨਾਲ ਫਰਸ਼ ‘ਤੇ ਬੈਠ ਕੇ ਮੀਟਿੰਗ ਦੀ ਕਾਰਵਾਈ ਚਲਾਈ ਅਤੇ ਇਸ ਬੇ-ਭਰੋਸਗੀ ਦੇ ਮਤੇ ਨੂੰ ਰੱਦ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪਹਿਲਾਂ ਇਹ ਮੀਟਿੰਗ 20 ਜਨਵਰੀ ਨੂੰ ਬੁਲਾਈ ਗਈ ਸੀ ਪਰ ਉਸ ਦਿਨ ਮੀਟਿੰਗ ਵਿੱਚ ਸਿਰਫ 2 ਮੈਂਬਰ ਹੀ ਹਾਜ਼ਰ ਸਨ ਅਤੇ ਪ੍ਰਸ਼ਾਸਨ ਵੱਲੋਂ ਇਹ ਮੀਟਿੰਗ ਰੱਦ ਕਰ ਦਿੱਤੀ ਗਈ ਸੀ ਅੱਜ ਪ੍ਰਧਾਨ ਵੱਲੋਂ ਇਸ ਮਤੇ ‘ਤੇ ਵਿਚਾਰ ਕਰਨ ਲਈ ਦੁਬਾਰਾ ਮੀਟਿੰਗ ਰੱਖੀ ਗਈ ਸੀ ਅੱਜ ਜਦੋਂ ਪ੍ਰਧਾਨ ਅਤੇ ਉਨ੍ਹਾਂ ਦੇ ਸਾਥੀ ਮੀਟਿੰਗ ਕਰਨ ਲਈ ਕੌਸਲ ਦੇ ਦਫਤਰ ਵਿੱਚ ਪਹੁੰਚੇ ਤਾਂ ਪ੍ਰਧਾਨ ਦਾ ਕਮਰਾ ਬੰਦ ਮਿਲਿਆ। ਇਸ ਮੌਕੇ ਪ੍ਰਧਾਨ ਨੇ ਕਿਹਾ ਕਿ ਸਾਜ਼ਿਸ਼ ਅਧੀਨ ਹੀ ਉਨ੍ਹਾਂ ਦੇ ਕਮਰੇ ਨੂੰ ਜਿੰਦਰਾ ਲਗਾਇਆ ਗਿਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਐਸ.ਡੀ.ਐਮ ਵੱਲੋਂ ਕਾਨੂੰਨ ਵਿਵਸਥਾ ਨੂੰ ਧਿਆਨ ‘ਚ ਰੱਖਦਿਆਂ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਐਸ.ਡੀ.ਐਮ ਨੂੰ ਮੀਟਿੰਗ ਰੱਦ ਕਰਨ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਮੀਟਿੰਗ ਦਾ ਏਜੰਡਾ ਪ੍ਰਧਾਨ ਖੁਦ ਸਾਈਨ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਕੇਸ ਸੁਪਰਡੈਂਟ ਵਿਰੁੱਧ ਦਰਜ਼ ਕੀਤਾ ਗਿਆ ਹੈ ਉਹ ਵੀ ਗਲਤ ਹੈ ਕਿਉਂਕਿ ਜਦੋਂ ਕਾਰਜਸਾਧਕ ਅਫਸਰ ਨਹੀਂ ਹੁੰਦਾ ਤਾਂ ਸੁਪਰਡੈਂਟ ਹੀ ਕਾਰਜਸਾਧਕ ਅਫਸਰ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਵਾਈਆਂ ਤੋਂ ਪਤਾ ਚੱਲਦਾ ਹੈ ਕਿ ਆਮ ਆਦਮੀ ਦੀ ਸਰਕਾਰ ਕਿਸ ਪੱਧਰ ਤੱਕ ਉਤਰ ਆਈ ਹੈ ਅਤੇ ਸਿਆਸੀ ਦਬਾਓ ਹੇਠ ਅਧਿਕਾਰੀ ਕੰਮ ਕਰ ਰਹੇ ਹਨ।ਇਸ ਉਪਰੰਤ ਉਨ੍ਹਾਂ ਨੇ ਆਪਣੇ ਕਮਰੇ ਦੇ ਬਾਹਰ ਹੀ ਫਰਸ਼ ਉਤੇ ਬੈਠ ਕੇ ਹਾਜ਼ਰੀ ਰਜਿਸਟਰ ਵਿੱਚ ਸਾਈਨ ਕੀਤੇ ਅਤੇ ਉਨ੍ਹਾਂ ਵਿਰੁੱਧ ਦਿੱਤਾ ਬੇ-ਭਰੋਸਗੀ ਦਾ ਮਤਾ ਰੱਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਖਰੜ ਨਗਰ ਕੌਸਲ ਉਤੇ ਸ੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ ਅਤੇ ਵਿਰੋਧੀ ਗਰੁੱਪ ਦੇ ਮੈਂਬਰ ਜੋ ਆਮ ਆਦਮੀ ਪਾਰਟੀ ਦੇ ਸਹਿਯੋਗੀ ਬਣ ਚੁੱਕੇ ਹਨ ਉਨ੍ਹਾਂ ਨੂੰ ਅਹੁਦੇ ਤੋਂ ਲਾਹ ਦੇਣਾ ਚਾਹੁੰਦੇ ਹਨ।