ਕੌਂਸਲ ਦੇ ਤਿੰਨ ਟਰੈਕਟਰਾਂ ਅਤੇ ਜੇਸੀਬੀ ਮਸ਼ੀਨਾਂ ਦੀਆਂ ਬੈਟਰੀਆਂ ਚੋਰੀ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 25 ਮਈ
ਇੱਥੇ ਬੀਤੀ ਰਾਤ ਚੋਰਾਂ ਨੇ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੰਦਿਆਂ ਨਗਰ ਕੌਂਸਲ ਪਾਤੜਾਂ ਦਫ਼ਤਰ ਵਿੱਚ ਖੜ੍ਹੇ ਤਿੰਨ ਟਰੈਕਟਰਾਂ ਅਤੇ ਇੱਕ ਜੇਸੀਬੀ ਦੀਆਂ ਬੈਟਰੀਆਂ ਚੋਰੀ ਕਰ ਲਈਆਂ। ਚੋਰੀ ਦੀ ਇਸ ਘਟਨਾ ਦਾ ਪਤਾ ਅੱਜ ਸਵੇਰੇ ਉਸ ਸਮੇਂ ਲੱਗਾ ਜਦੋਂ ਟਰੈਕਟਰ ਡਰਾਈਵਰ ਵਾਟਰ ਸਪਲਾਈ ਲਈ ਟਰੈਕਟਰ ਚਲਾਉਣ ਆਇਆ ਪਰ ਟਰੈਕਟਰ ਸਟਾਰਟ ਨਾ ਹੋਇਆ। ਜਾਂਚ ਕਰਨ ’ਤੇ ਪਤਾ ਲੱਗਾ ਕਿ ਟਰੈਕਟਰ ਦੀ ਬੈਟਰੀ ਗਾਇਬ ਸੀ। ਜਦੋਂ ਹੋਰ ਟਰੈਕਟਰਾਂ ਅਤੇ ਜੇਸੀਬੀ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਦੀਆਂ ਬੈਟਰੀਆਂ ਵੀ ਗਾਇਬ ਮਿਲੀਆਂ। ਨਗਰ ਕੌਂਸਲ ਦੇ ਪ੍ਰਧਾਨ ਰਣਵੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਜਾਣਕਾਰੀ ਕਾਰਜਸਾਧਕ ਅਧਿਕਾਰੀ ਬਲਜਿੰਦਰ ਸਿੰਘ ਨੂੰ ਦਿੱਤੀ।
ਨਗਰ ਕੌਂਸਲ ਪ੍ਰਧਾਨ ਰਣਵੀਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਨਗਰ ਕੌਂਸਲ ਦਫ਼ਤਰ ਅੰਦਰ ਵੜ ਕੇ ਚੋਰੀ ਕੀਤੀ ਹੈ ਜਿਸ ਕਾਰਨ ਲਗਭਗ 40 ਤੋਂ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰੀ ਦੀ ਸੂਚਨਾ ਸਿਟੀ ਪੁਲੀਸ ਨੂੰ ਦੇ ਦਿੱਤੀ ਗਈ ਹੈ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁਤਾਬਕ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹਨ ਅਤੇ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।