ਕੌਂਸਲ ਦੀ ਪ੍ਰਧਾਨਗੀ ਲਈ ਸਿਆਸੀ ਧਿਰਾਂ ‘ਘਿਉ-ਖਿਚੜੀ’
ਨਵਾਂ ਸ਼ਹਿਰ, 11 ਅਪਰੈਲ
ਨਵਾਂ ਸ਼ਹਿਰ ਵਿੱਚ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਇਕਸੁਰ ਹੋ ਕੇ ਚੋਣ ਨੂੰ ਨੇਪਰੇ ਚਾੜ੍ਹ ਲਿਆ। ਇਨ੍ਹਾਂ ਤਿੰਨਾਂ ਧਿਰਾਂ ਦੀ ਸਾਂਝ ਦੇ ਮੁਕਾਬਲੇ ਕਾਂਗਰਸੀ ਕੌਸਲਰਾਂ ਨੂੰ ਚੋਣ ਦੇ ਮੈਦਾਨ ਵਿੱਚ ਹਾਸ਼ੀਏ ’ਤੇ ਰਹਿਣਾ ਪਿਆ।
ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਬੀਬੀ ਬਲਵਿੰਦਰ ਕੌਰ ਸਿਰ ਪ੍ਰਧਾਨਗੀ ਦਾ ਤਾਜ ਸਜਿਆ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਜਿੰਦਰਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਬਹੁਜਨ ਸਮਾਜ ਪਾਰਟੀ ਦੇ ਗੁਰਮੁੱਖ ਸਿੰਘ ਨੌਰਥ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਤਿੰਨਾਂ ਸਿਆਸੀ ਧਿਰਾਂ ਦੇ ਕੁੱਲ ਨੌਂ ਮੈਂਬਰਾਂ ਨੇ ਇੱਕਮੱਤ ਨਾਲ ਵੋਟ ਦੀ ਵਰਤੋਂ ਕੀਤੀ ਅਤੇ 10ਵੇਂ ਮੈਂਬਰ ਵਜੋਂ ਹਲਕਾ ਵਿਧਾਇਕ ਦੀ ਵੋਟ ਵੀ ਅੰਕਿਤ ਹੋਈ। ਦੂਜੇ ਬੰਨ੍ਹੇ ਕਾਂਗਰਸ ਦੇ ਸੱਤ ਮੈਂਬਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਇਸ ਸਿਆਸੀ ਸਾਂਝ ਨਾਲ ਮਿਲੀ ਸਫ਼ਲਤਾ ਲਈ ਵਧਾਈ ਦੇਣ ਵਾਲਿਆਂ ਵਿੱਚ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਬਸਪਾ ਵਿਧਾਇਕ ਨਛੱਤਰ ਪਾਲ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਸ਼ਾਮਲ ਸਨ। ਉਨ੍ਹਾਂ ਸਾਂਝੇ ਰੂਪ ’ਚ ਤਿੰਨ ਅਹੁਦਿਆਂ ਲਈ ਜਿੱਤ ਹਾਸਲ ਕਰਨ ਵਾਲੇ ਕੌਂਸਲਰਾਂ ਦਾ ਹਾਰ ਪਾ ਕੇ ਸਵਾਗਤ ਕੀਤਾ।
ਕਾਂਗਰਸੀ ਕੌਸਲਰਾਂ ਵੱਲੋਂ ਕਾਨੂੰਨੀ ਲੜਾਈ ਲੜਣ ਦਾ ਐਲਾਨ
ਕਾਂਗਰਸੀ ਕੌਂਸਲਰਾਂ ਨੇ ਨਗਰ ਕੌਂਸਲ ਦੇ ਤਿੰਨ ਪ੍ਰਮੁੱਖ ਅਹੁਦਿਆਂ ਲਈ ਵਿਰੋਧੀ ਧਿਰਾਂ ਵੱਲੋਂ ਕੀਤੀ ਚੋਣ ਲਈ ਧੱਕੇਸ਼ਾਹੀ ਦਾ ਦੋਸ਼ ਲਾਇਆ। ਕਾਂਗਰਸੀ ਕੌਸਲਰਾਂ ਨੇ ਆਪਣੇ ਸਾਬਕਾ ਵਿਧਾਇਕ ਅੰਗਦ ਸਿੰਘ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਕੋਲ ਆਪਣਾ ਦੁੱਖੜਾ ਰੋਇਆ। ਕਾਂਗਰਸੀ ਕੌਸਲਰਾਂ ਨੇ ਚੋਣ ਦੇ ਰਿਟਰਨਿੰਗ ਅਧਿਕਾਰੀ ’ਤੇ ਵੀ ਉਨ੍ਹਾਂ ਦੀ ਸੁਣਵਾਈ ਨਾ ਕਰਨ ਦਾ ਦੋਸ਼ ਲਾਇਆ।