ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੋਹਲੀ ਦੀ ਰੁਖ਼ਸਤੀ

04:40 AM May 13, 2025 IST
featuredImage featuredImage

ਵਿਰਾਟ ਕੋਹਲੀ ਵੱਲੋਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਨਾਲ ਹੀ ਕ੍ਰਿਕਟ ਦੀ ਇਸ ਵੰਨਗੀ ਨੇ ਆਪਣਾ ਚਮਕਦਾ ਸਿਤਾਰਾ ਗੁਆ ਲਿਆ ਹੈ। ਆਪਣੀ ਪੀੜ੍ਹੀ ਦਾ ਸਭ ਤੋਂ ਮਹਾਨ ਬੱਲੇਬਾਜ਼, ਤੇ ਆਪਣੇ ਦੌਰ ਦੇ ਮਹਾਨ ਖਿਡਾਰੀਆਂ ’ਚੋਂ ਇੱਕ, ਹੁਣ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕਾ ਹੈ। ਇਹ ਉਹ ਦੌਰ ਸੀ ਜਿਸ ਦੌਰਾਨ ਭਾਰਤ ਨੇ ਕ੍ਰਿਕਟ ਦੀ ਦੁਨੀਆ ਵਿੱਚ ਆਪਣੀ ਪਕੜ ਮਜ਼ਬੂਤ ਕੀਤੀ। ਇਹ ਫ਼ੈਸਲਾ ਕਰਨਾ ਆਸਾਨ ਨਹੀਂ ਸੀ, ਖ਼ਾਸ ਕਰ ਕੇ ਇੰਗਲੈਂਡ ਵਿੱਚ ਹੋਣ ਵਾਲੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਤੋਂ ਕੁਝ ਹਫ਼ਤੇ ਪਹਿਲਾਂ, ਉਸ ਦੇ ਲੱਖਾਂ ਪ੍ਰਸ਼ੰਸਕ ਨਿਰਾਸ਼ ਹਨ। ਵਿਰਾਟ ਕੋਹਲੀ ਨੇ ਖ਼ੁਦ ਨੂੰ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਸ਼ਾਨਦਾਰ ਵਿਦਾਇਗੀ ਦਾ ਮੌਕਾ ਨਹੀਂ ਦਿੱਤਾ ਪਰ ਮੈਦਾਨ ਵਿੱਚ ਵੀ ਅਤੇ ਬਾਹਰ ਵੀ ਸਹੀ ਸਮੇਂ ’ਤੇ ਫ਼ੈਸਲਾ ਕਰਨਾ ਉਸ ਦੀ ਖ਼ਾਸੀਅਤ ਰਹੀ ਹੈ।

Advertisement

ਇਹ ਵਿਰਾਟ ਕੋਹਲੀ ਦੀ ਕਾਬਲੀਅਤ ਹੈ ਕਿ ਉਸ ਨੇ ਟੈਸਟ ਕ੍ਰਿਕਟ ਨੂੰ ਟੀ20 ਦੀ ਵਧਦੀ ਪ੍ਰਸਿੱਧੀ ਦੇ ਦਬਾਅ ਵਿੱਚ ਵੀ ਜਿਊਂਦਾ ਰੱਖਿਆ। ਉਹ ਬੇਖ਼ੌਫ਼ ਬੱਲੇਬਾਜ਼ ਹੈ ਜਿਸ ਨੇ ਕਿਸੇ ਵੀ ਗੇਂਦਬਾਜ਼ ਨੂੰ ਰਿਆਇਤ ਨਹੀਂ ਦਿੱਤੀ, ਨਾ ਸਿਰਫ਼ ਭਾਰਤ ਵਿੱਚ ਸਗੋਂ ਆਸਟਰੇਲੀਆ, ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿੱਚ ਵੀ ਮੁਸ਼ਕਿਲ ਹਾਲਾਤ ਵਿੱਚ ਉਹ ਦਰਸ਼ਕਾਂ ਨੂੰ ਖ਼ੁਸ਼ੀਆਂ ਵੰਡਦਾ ਰਿਹਾ। ਜਦੋਂ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿੜ ਵਰਗੇ ਮਹਾਨ ਖਿਡਾਰੀ ਰਿਟਾਇਰ ਹੋਏ, ਉਦੋਂ ਉਸ ਨੇ ਹੀ ਉਨ੍ਹਾਂ ਦੀ ਥਾਂ ਭਰਨੀ ਸੀ ਜੋ ਉਸ ਨੇ ਸ਼ਾਨਦਾਰ ਢੰਗ ਨਾਲ ਭਰੀ। ਉਸ ਦੀ ‘ਮੈਂ ਹੀ ਸਰਵੋਤਮ ਹਾਂ’ ਵਾਲੀ ਠਾਠ ਵਿਵ ਰਿਚਰਡਸ ਦਾ ਚੇਤਾ ਕਰਵਾਉਂਦੀ ਸੀ। 2010 ਦੇ ਦਹਾਕੇ ਵਿੱਚ ਉਹ ਬੇਰੋਕ ਅੱਗੇ ਵਧਦਾ ਰਿਹਾ ਪਰ ਪਿਛਲੇ ਕੁਝ ਸਾਲਾਂ ਵਿੱਚ ਉਸ ਦੀ ਫਾਰਮ ਡਿੱਗੀ, ਜੋ ਹੁਣ ਉਸ ਨੂੰ ਇਹ ਫ਼ੈਸਲਾ ਕਰਨ ਲਈ ਮਜਬੂਰ ਕਰ ਰਹੀ ਸੀ ਕਿ ਉਹ ਟੀਮ ਉੱਤੇ ਬੋਝ ਨਾ ਬਣੇ। ਸ਼ਾਇਦ ਟੈਸਟ ਕ੍ਰਿਕਟ ਵਿੱਚ ਉਸ ਦੀ ਇੱਕੋ ਘਾਟ ਇਹ ਰਹੀ ਕਿ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤਣ ਤੋਂ ਰਹਿ ਗਿਆ- ਭਾਰਤ ਦੋ ਵਾਰੀ ਫਾਈਨਲ ਵਿੱਚ ਹਾਰ ਗਿਆ।

ਵਿਰਾਟ ਕੋਹਲੀ ਦਾ ਸੰਨਿਆਸ ਰੋਹਿਤ ਸ਼ਰਮਾ ਦੇ ਟੈਸਟ ਕ੍ਰਿਕਟ ਛੱਡਣ ਤੋਂ ਕੁਝ ਦਿਨਾਂ ਬਾਅਦ ਆਇਆ ਹੈ। ਰੋਹਿਤ ਸ਼ਰਮਾ ਦਾ ਟੈਸਟ ਕ੍ਰਿਕਟ ਵਾਲਾ ਕਰੀਅਰ ਦੁਖਦਾਈ ਢੰਗ ਨਾਲ ਇੱਕ ਰੋਜ਼ਾ ਕ੍ਰਿਕਟ ਵਾਂਗ ਸਫਲ ਨਹੀਂ ਰਿਹਾ। ਵਿਦੇਸ਼ ਦੌਰਿਆਂ ’ਤੇ ਉਸ ਦਾ ਰਿਕਾਰਡ ਬਹੁਤਾ ਵਧੀਆ ਨਹੀਂ ਰਿਹਾ, ਪਰ ਕੁਝ ਜ਼ੋਰਦਾਰ ਸੈਂਕੜਿਆਂ ਨਾਲ ਉਸ ਨੇ ਆਪਣੀ ਮੌਜੂਦਗੀ ਦਰਜ ਕਰਵਾਈ। ਦੋਵਾਂ ਦੀ ਗ਼ੈਰ-ਹਾਜ਼ਰੀ ਟੀਮ ਨੂੰ ਬਹੁਤ ਰੜਕੇਗੀ, ਜਦੋਂਕਿ ਹੁਣ ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਵਰਗੇ ਨਵੇਂ ਖਿਡਾਰੀ ਅਗਵਾਈ ਲਈ ਤਿਆਰ ਹਨ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵੱਲੋਂ ਦਿੱਤੀ ਜਾਣ ਵਾਲੀ ਕੋਈ ਵੀ ਸਲਾਹ ਉਨ੍ਹਾਂ ਲਈ ਲਾਭਦਾਇਕ ਸਾਬਿਤ ਹੋ ਸਕਦੀ ਹੈ। ਇਉਂ ਹੁਣ ਪਿੜ ਨਵਿਆਂ ਦੇ ਹਵਾਲੇ ਹੈ।

Advertisement

Advertisement