ਕੋਲੰਬੀਆ ਵਿੱਚ ਬੰਦੀ ਬਣਾਏ ਪੰਜ ਪੰਜਾਬੀਆਂ ਵਿੱਚੋਂ ਤਿੰਨ ਦੂਤਘਰ ’ਚੋਂ ਭੱਜੇ
ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਅੰਮ੍ਰਿਤਸਰ/ਰਾਮਦਾਸ/ਅਜਨਾਲਾ, 24 ਮਈ
ਕੋਲੰਬੀਆ ਵਿੱਚੋਂ ਬੰਦੀ ਬਣਾਏ 5 ਪੰਜਾਬੀਆਂ ਵਿੱਚੋਂ ਤਿੰਨ ਮੁੜ ਦੂਤਘਰ ਦੀ ਹਿਫਾਜ਼ਤ ਵਿੱਚੋਂ ਭੱਜ ਗਏ। ਇਹ ਜਾਣਕਾਰੀ ਦਿੰਦਿਆਂ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੋਲੰਬੀਆ ਵਿੱਚ ਬੰਦੀ ਬਣਾਏ ਪੰਜ ਨੌਜਵਾਨਾਂ, ਜਿਨ੍ਹਾਂ ਨੂੰ ਸਥਾਨਕ ਦੂਤਘਰ ਨੇ ਆਪਣੀ ਹਿਫਾਜ਼ਤ ਵਿੱਚ ਲੈ ਲਿਆ ਸੀ, ਵਿੱਚੋਂ ਤਿੰਨ ਮੁੜ ਆਪਣੇ ਏਜੰਟਾਂ ਨਾਲ ਰਾਬਤਾ ਕਰ ਕੇ ਭੱਜ ਗਏ ਹਨ।
ਇਸ ਸਬੰਧੀ ਧਾਲੀਵਾਲ ਨੇ ਦੱਸਿਆ ਕਿ ਸਬੰਧਤ ਪੰਜਾਬੀਆਂ ਦੀ ਸੂਚਨਾ ਮਿਲਣ ਉਪਰੰਤ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਦੀ ਸਹਾਇਤਾ ਨਾਲ ਕੋਲੰਬੀਆ ਸਥਿਤ ਭਾਰਤੀ ਦੂਤਘਰ ਨਾਲ ਰਾਬਤਾ ਕਰਕੇ ਇਨ੍ਹਾਂ ਨੌਜਵਾਨਾਂ ਦੀ ਮਦਦ ਦੀ ਅਪੀਲ ਕੀਤੀ ਸੀ। ਇਸ ਦੌਰਾਨ ਕਾਰਵਾਈ ਕਰਦੇ ਹੋਏ ਸਥਾਨਕ ਦੂਤਘਰ ਨੇ ਕੁਝ ਹੀ ਘੰਟਿਆਂ ਵਿੱਚ ਪੰਜਾਂ ਨੌਜਵਾਨਾਂ ਨੂੰ ਆਪਣੀ ਹਿਫਾਜ਼ਤ ਵਿੱਚ ਲੈ ਕੇ ਹੋਸਟਲ ਵਿੱਚ ਠਹਿਰਾ ਦਿੱਤਾ ਸੀ। ਅਜੇ ਉਨ੍ਹਾਂ ਨੂੰ ਪੰਜਾਬ ਭੇਜਣ ਦੇ ਪ੍ਰਬੰਧ ਹੋ ਰਹੇ ਸਨ ਕਿ ਇਨ੍ਹਾਂ ਵਿੱਚੋਂ ਤਿੰਨ ਨੌਜਵਾਨਾਂ ਕਰਨਦੀਪ ਸਿੰਘ, ਗੁਰਨਾਮ ਸਿੰਘ ਅਤੇ ਰਮਨਦੀਪ ਸਿੰਘ ਨੇ ਆਪਣੇ ਭਾਰਤ ਸਥਿਤ ਏਜੰਟ ਨਾਲ ਫੋਨ ’ਤੇ ਰਾਬਤਾ ਕਰ ਲਿਆ ਅਤੇ ਫਿਰ ਬਿਨਾਂ ਕਿਸੇ ਨੂੰ ਦੱਸੇ ਉੱਥੋਂ ਰਵਾਨਾ ਹੋ ਗਏ। ਜਦਕਿ ਦੂਜੇ ਦੋਵੇਂ ਨੌਜਵਾਨ ਵਾਪਸੀ ਲਈ ਤਿਆਰ ਹਨ। ਉਨ੍ਹਾਂ ਨੌਜਵਾਨਾਂ ਅਤੇ ਪੰਜਾਬੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਡੌਂਕੀ ਰਸਤੇ ਜੋ ਕਿ ਬਹੁਤ ਖਤਰਨਾਕ ਹਨ, ਰਾਹੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਨਾ ਭੇਜਣ। ਉਨ੍ਹਾਂ ਕਿਹਾ ਕਿ ਜਿੰਨੇ ਪੈਸੇ ਲਾ ਕੇ ਇਹ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਨ, ਉਨੇ ਪੈਸਿਆਂ ਨਾਲ ਇੱਥੇ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ।