ਕੋਲੰਬੀਆ ’ਚ ਬੰਦੀ ਬਣਾਏ ਪੰਜਾਬੀ ਨੌਜਵਾਨਾਂ ਨੂੰ ਛੁਡਵਾਇਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਮਈ
ਡੰਕੀ ਰਸਤੇ ਅਮਰੀਕਾ ਜਾਣ ਵੇਲੇ ਕੋਲੰਬੀਆ ਦੇ ਸਥਾਨਕ ਗਰੋਹ ਵੱਲੋਂ ਬੰਦੀ ਬਣਾਏ ਪੰਜਾਬ ਦੇ ਪੰਜ ਨੌਜਵਾਨਾਂ ਨੂੰ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੇ ਯਤਨਾਂ ਸਦਕਾ ਭਾਰਤੀ ਵਿਦੇਸ਼ ਮੰਤਰਾਲੇ ਨੇ ਸੁਰੱਖਿਅਤ ਬਚਾ ਲਿਆ ਹੈ। ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਤੋਂ ਬਾਅਦੀ ਸਹੀ ਸਲਾਮਤ ਵਾਪਸ ਭੇਜਿਆ ਜਾਵੇਗਾ। ਇਨ੍ਹਾਂ ਨੌਜਵਾਨਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਕਰਨਦੀਪ ਸਿੰਘ ਮੁੰਡੀ, ਰਮਨਦੀਪ ਸਿੰਘ ਤੇ ਲਵਦੀਪ ਸ਼ਾਮਲ ਹਨ, ਜਦੋਂ ਕਿ ਦੋ ਜਣੇ ਰਾਜਿੰਦਰ ਸਿੰਘ ਮਾੜੀ ਤੇ ਗੁਰਨਾਮ ਸਿੰਘ ਜਲੰਧਰ ਜ਼ਿਲ੍ਹੇ ਦੇ ਵਸਨੀਕ ਹਨ। ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਫਰਾਂਸ ’ਚ ਰਹਿੰਦੇ ਆਪਣੇ ਇਕ ਦੋਸਤ ਤੋਂ ਪਤਾ ਲੱਗਿਆ ਸੀ ਕਿ ਪੰਜਾਬ ਨਾਲ ਸਬੰਧਤ ਪੰਜ ਨੌਜਵਾਨਾਂ ਨੂੰ ਕੋਲੰਬੀਆ ਦੇ ਕਪੂਰਗਾਨਾ ਵਿੱਚ ਇਕ ਗਰੋਹ ਵੱਲੋਂ ਬੰਦੀ ਬਣਾਇਆ ਹੋਇਆ ਹੈ। ਕੋਲੰਬੀਆਂ ਦੇ ਭਾਰਤੀ ਦੂਤਘਰ ਨੇ ਪੁਲੀਸ ਦੀ ਮਦਦ ਨਾਲ ਬੰਦੀ ਨੌਜਵਾਨਾਂ ਨੂੰ ਸਹੀ ਸਲਾਮਤ ਬਚਾਅ ਲਿਆ ਹੈ। ਸ੍ਰੀ ਸੰਧੂ ਨੇ ਦੱਸਿਆ ਕਿ ਇਕ ਵਿਅਕਤੀ ਨੇ ਇਨ੍ਹਾਂ ਨੌਜਵਾਨਾਂ ਨੂੰ 20 ਹਜ਼ਾਰ ਡਾਲਰ ਲੈ ਕੇ ਡੰਕੀ ਰਾਹੀਂ ਅਮਰੀਕਾ ਲਿਜਾਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਵਿਦੇਸ਼ ਮੰਤਰਾਲੇ ਦੇ ਦਖ਼ਲ ਤੋਂ ਬਾਅਦ ਇਨ੍ਹਾਂ ਪੰਜ ਨੌਜਵਾਨਾਂ ਨੂੰ ਸਹੀ ਸਲਾਮਤ ਛੁਡਾ ਲਿਆ ਗਿਆ ਹੈ। ਸ੍ਰੀ ਸੰਧੂ ਨੇ ਕਿਹਾ ਕਿ ਜਿਨ੍ਹਾਂ ਏਜੰਟਾਂ ਨੇ ਨੌਜਵਾਨਾਂ ਤੋਂ ਲੱਖਾਂ ਰੁਪਏ ਲੈ ਕੇ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਗਿਆ ਸੀ, ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਏਨੇ ਸਖ਼ਤ ਹੋਣੇ ਚਾਹੀਦੇ ਹਨ ਕਿ ਅਜਿਹੇ ਏਜੰਟਾਂ ਨੂੰ ਧੋਖਾਧੜੀ ਕਰਨ ਤੋਂ ਪਹਿਲਾਂ ਸਜ਼ਾ ਦਾ ਡਰ ਹੋਵੇ।