For the best experience, open
https://m.punjabitribuneonline.com
on your mobile browser.
Advertisement

ਕੋਈ ਆਏਗਾ ਤਾਂ...

04:51 AM Jan 10, 2025 IST
ਕੋਈ ਆਏਗਾ ਤਾਂ
Advertisement

ਦਰਸ਼ਨ ਸਿੰਘ
“ਨਵੇਂ ਕੱਪ ਹੁਣ ਤਾਂ ਕੱਢ ਲਉ...।”
ਸੁਣ ਕੇ ਬੀਬੀ ਨੇ ਕਹਿਣਾ, “ਕੱਢ ਲਵਾਂਗੀ ਜਦ ਕੋਈ ਆਏਗਾ ਤਾਂ...।”
ਮੇਰੀ ਸਮਝੋਂ ਇਹ ਬਾਹਰੀ ਗੱਲ ਸੀ। ਸਾਡੇ ਲਈ ਤਾਂ ਬੀਬੀ ਸਟੀਲ ਦੀਆਂ ਕੌਲੀਆਂ, ਗਲਾਸ ਤੇ ਥਾਲੀਆਂ ਹੀ ਵਰਤੋਂ ਵਿੱਚ ਲਿਆਉਂਦੀ ਸੀ।
“ਘਰ ਦੀ ਮੁਰਗੀ ਦਾਲ ਬਰਾਬਰ”, ਮੈਂ ਕਹਿੰਦਾ ਤਾਂ ਬੀਬੀ ਹੱਸ ਪੈਂਦੀ, ਆਖਦੀ, “ਦੇਖ ਲਵਾਂਗੀ। ਤੂੰ ਆਪਣਾ ਕੰਮ ਕਰ।” ਉਹ ਭਾਵੇਂ ਪੂਰੇ ਠਰ੍ਹੰਮੇ ਨਾਲ ਬੋਲਦੀ ਸੀ ਪਰ ਕਦੇ-ਕਦੇ ਮੇਰੀਆਂ ਅਜਿਹੀਆਂ ਗੱਲਾਂ ਨਾਲ ਉਸ ਦੇ ਗੁੱਸੇ ਦਾ ਸਾਹਮਣਾ ਵੀ ਮੈਨੂੰ ਕਰਨਾ ਪੈਂਦਾ। ਮਰਜ਼ੀ ਹੁੰਦੀ ਤਾਂ ਪੰਦਰਾਂ ਵੀਹ ਦਿਨਾਂ ਪਿੱਛੋਂ ਆਪ ਹੀ ਕੱਪ-ਪਲੇਟਾਂ ਬਾਹਰ ਕੱਢ ਲੈਂਦੀ। ਕੋਸੇ ਪਾਣੀ ਨਾਲ ਮਲ-ਮਲ ਧੋ ਕੇ ਪੋਲੇ-ਪੋਲੇ ਕਦਮੀ ਤੁਰਦੀ ਵਿਸ਼ੇਸ਼ ਤਰਤੀਬ ’ਚ ਧਰ ਦਿੰਦੀ। ਬੇਤਰਤੀਬੀ ਉਸ ਨੂੰ ਉੱਕਾ ਪਸੰਦ ਨਹੀਂ ਸੀ। ਮੈਨੂੰ ਉਦੋਂ ਤੱਕ ਮਾਣ ਕਰਨ ਯੋਗ ਰਿਸ਼ਤਿਆਂ ਦੇ ਨਿੱਘ ਦੀ ਵੀ ਕੋਈ ਥਾਹ ਨਹੀਂ ਸੀ। “ਅੱਜ ਕੋਈ ਆ ਰਿਹਾ, ਬੀਬੀ?”
ਤੇ ਇਸ ਤਰ੍ਹਾਂ ‘ਆਏ ਗਏ’ ਲਈ ਉਤਸੁਕਤਾ ਬਣੀ ਰਹਿੰਦੀ। ਆਉਣ ਵਾਲੇ ਨੂੰ ਬੇਸਬਰੀ ਭਰੇ ਚਾਅ ਨਾਲ ਉਡੀਕਦਾ। ਉਂਝ ਜਦ ਵੀ ਕੋਈ ਆਉਂਦਾ, ਬਾਗੋ-ਬਾਗ ਹੋਈ ਬੀਬੀ ਆਓ ਭਗਤ ’ਚ ਕੋਈ ਕਸਰ ਨਾ ਛੱਡਦੀ। ਪੇਟੀ ’ਚੋਂ ਨਵੀਆਂ ਨਕੋਰ ਸੋਹਣੀਆਂ-ਸੋਹਣੀਆਂ ਚਾਦਰਾਂ ਕੱਢ ਕੇ ਵਿਛਾ ਦਿੰਦੀ। ਝਾੜੂ ਪੋਚਾ ਤੇ ਨਿੱਕ-ਸੁੱਕ ਦੀ ਸਾਂਭ-ਸੰਭਾਲ ਤਾਂ ਰੋਜ਼ ਹੁੰਦੀ ਸੀ ਪਰ ਉਸ ਦਿਨ ਤਾਂ ਸਾਫ ਸਫਾਈ ਦੀਆਂ ਸਭ ਹੱਦਾਂ ਪਾਰ ਹੋ ਜਾਂਦੀਆਂ। “ਬੜਾ ਚਾਅ ਰਹਿੰਦੈ ਬੀਬੀ ਤੈਨੂੰ ਪ੍ਰਾਹੁਣਿਆਂ ਦਾ। ਆਪ ਤਾਂ ਤੂੰ ਹੱਥ ’ਤੇ ਧਰ ਕੇ ਰੋਟੀ ਖਾਂਦੀ ਏਂ ਤੇ ਉਨ੍ਹਾਂ ਨੂੰ...।” ਹੱਸ ਕੇ ਆਖਦੀ, “ਆਏ ਗਏ ਜੀਆਂ ਨਾਲ ਹੀ ਤਾਂ ਘਰ ਮੇਲੇ ਜਿਹਾ ਲਗਦਾ...।”
ਘਰ ’ਚ ਹੁੰਦੇ ਰਲੇ-ਮਿਲੇ ਹਾਸੇ-ਠੱਠੇ ’ਚੋਂ ਬੀਬੀ ਜ਼ਿੰਦਗੀ ਲੱਭਦੀ। ਰਿਸ਼ਤਿਆਂ ਨੂੰ ਰੱਜ ਕੇ ਜਿਊਂਦੀ। ਆ ਕੇ ਜਦ ਕੋਈ ਮੁੜ ਜਾਂਦਾ, ਕੁਝ ਪਲਾਂ ਲਈ ਬੀਬੀ ਦੇ ਚਿਹਰੇ ’ਤੇ ਚੁੱਪ ਆ ਬੈਠਦੀ ਤੇ ਉਹਦੇ ਅੰਦਰ ਖੋਹ ਜਿਹੀ ਪੈਣ ਲਗਦੀ। ਚੁੱਪ-ਚਾਪ ਹੀ ਉਹ ਚਾਦਰਾਂ ਦੀ ਤਹਿ ਮਾਰ ਕੇ ਫਿਰ ਉਸੇ ਪੇਟੀ ’ਚ ਜੋੜ ਕੇ ਰੱਖ ਦਿੰਦੀ ਤੇ ਕੱਪ-ਪਲੇਟਾਂ ਆਪੋ ਆਪਣੀ ਜਗ੍ਹਾ...।
“ਸਾਨੂੰ ਵੀ ਇਨ੍ਹਾਂ ਕੱਪ-ਪਲੇਟਾਂ ’ਚ ਕੁਝ ਖਾਣ ਲਈ ਦੇ ਦਿਆ ਕਰ। ਬਹੁਤੀਆਂ ਸੰਭਾਲੀਆਂ ਤੇ ਇਕੋ ਥਾਵੇਂ ਪਈਆਂ ਵਧੀਆ ਚੀਜ਼ਾਂ ਦਾ ਵੀ ਮਾੜਾ ਹਾਲ ਹੋ ਜਾਂਦੈ...।” ਕਹੀ ਗੱਲ ਉਹ ਹੱਸਦਿਆਂ ਟਾਲ ਦਿੰਦੀ, “ਸਾਰਾ ਕੁਝ ਆਪਣੇ ਲਈ ਨਹੀਂ ਹੁੰਦਾ। ਰੂਹ ਖ਼ੁਸ਼ ਕਰ ਕੇ ਵਾਪਸ ਭੇਜੀਏ ਜੇ ਕੋਈ ਆਵੇ ਤਾਂ। ਆਏ ਗਿਆਂ ਲਈ ਬੜਾ ਕੁਝ ਸੋਚਣਾ ਪੈਂਦੈ...।” ਅਜਿਹੀ ਸੋਚ ਸ਼ਾਇਦ ਹਰ ਇਕ ਦੇ ਹਿੱਸੇ ਨਾ ਆਉਂਦੀ ਹੋਵੇ। ਸਿਰ ਤੋਂ ਲੰਘੀਆਂ ਵਰ੍ਹਿਆਂ ਦੀਆਂ ਧੁੱਪਾਂ ਛਾਵਾਂ ਨੇ ਉਸ ਨੂੰ ਜਿਵੇਂ ਗਹਿਰੀਆਂ ਸਿਆਣਪਾਂ ਨਾਲ ਭਰ ਦਿੱਤਾ ਸੀ। ਬੀਬੀ ਨਾਲ ਕਿਸੇ ਨੂੰ ਗੁੱਸਾ ਗਿਲਾ ਕਰਦੇ ਜਾਂ ਮਾੜਾ ਬੋਲਦੇ ਮੈ ਕਦੇਂ ਦੇਖਿਆ ਸੁਣਿਆ ਨਹੀਂ ਸੀ।
ਸੋਚਦਾ ਕਿ ਜਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਆਪ ਜਿਊਂਦੇ ਹਾਂ, ਦੂਜਿਆਂ ਨੂੰ ਉਸ ਤੋਂ ਵੱਖਰਾ ਦਿਖਾਉਣ ਤੇ ਦਿਸਣ ਦੀ ਕੋਸ਼ਿਸ਼ ’ਚ ਕਿਉਂ ਲੱਗੇ ਰਹਿੰਦੇ ਹਾਂ। ਕਈ ਵਾਰ ਬੀਬੀ ਨੂੰ ਵੀ ਪੁੱਛਦਾ ਪਰ ਬੀਬੀ ਦੇ ਜਵਾਬ ਸੰਤੁਸ਼ਟ ਨਾ ਕਰ ਸਕਦੇ। ਗੱਲ ਇੰਨੀ ਕੁ ਸਮਝ ਜ਼ਰੂਰ ਪੈਂਦੀ ਕਿ ਆਏ ਗਏ ਦੀ ਇੱਜ਼ਤ ਕਰਨ ਵਿੱਚ ਹੀ ਆਪਣੀ ਇੱਜ਼ਤ ਹੈ। ਸਕੂਲੀ ਪੜ੍ਹਾਈ ਪੂਰੀ ਕਰਨ ਪਿੱਛੋਂ ਕਾਲਜ ਪੈਰ ਧਰੇ। ਉਦੋਂ ਫੋਨ ਹੁੰਦੇ ਨਹੀਂ ਸਨ। ਵੇਲੇ-ਕੁਵੇਲੇ ਘਰ ਮੁੜਦਾ। ਬਾਹਰ ਖੜ੍ਹੀ ਬੀਬੀ ਮੇਰਾ ਰਾਹ ਤੱਕਦੀ। ਉਂਝ ਤਾਂ ਮੈਂ ਇਕੱਲਾ ਹੀ ਹੱਥ ’ਚ ਕਾਪੀ ਫੜੀ ਘਰ ਆਉਂਦਾ ਪਰ ਕਦੀ-ਕਦੀ ਕੋਈ ਮੇਰੇ ਨਾਲ ਆ ਜਾਂਦਾ। ਦੇਖਦਿਆਂ ਹੀ ਬੀਬੀ ਪੇਟੀ ਜਾਂ ਸੰਦੂਕ ’ਚੋਂ ਨਵਾਂ ਬਿਸਤਰਾ ਕੱਢਣ ਲਗਦੀ। “ਬੀਬੀ ਕਿਉਂ ਵਾਧੂ ਉਚੇਚ ਕਰਦੀ ਆਂ, ਇਹ ਬੇਗਾਨਾ ਥੋੜ੍ਹੀ ਆ। ਡੱਬੀਆਂ ਵਾਲਾ ਖੇਸ ਫੜਾ। ਉਹੋ ਲੈ ਕੇ ਸੌਂ ਜਾਵਾਂਗੇ...।” “ਲੈ, ਖੇਚਲ ਕਾਹਦੀ। ਕਿਹੜਾ ਬਾਹਰੋਂ ਲਿਆਉਣਾ! ਘਰੇ ਸਭ ਕੁਝ ਆ। ਮਸੀਂ-ਮਸੀਂ ਤਾਂ ਕੋਈ ਘਰ ਆਉਂਦੈ...।” ਪਤਾ ਨਹੀਂ, ਉਸ ਦਾ ਸੁਭਾਅ ਸੀ, ਮਨ ਦੀ ਕੋਈ ਰੀਝ ਜਾਂ ਚਾਅ-ਉਮੰਗ ਪਰ ਇਹ ਸਭ ਮੈਨੂੰ ਹੈਰਾਨੀ ਨਾਲ ਭਰਦਾ ਸੀ। ਹੌਲੇ-ਹੌਲੇ ਬੀਬੀ ਦੇ ਬੋਲਾਂ ਤੇ ਉਸ ਦੇ ਮਨ ਦੀ ਅੰਦਰਲੀ ਭਾਵਨਾ ਦੀ ਸਮਝ ਆਉਣ ਕਾਰਨ ਅਹਿਸਾਸ ਹੋਣ ਲੱਗਾ ਕਿ ਆਪਸੀ ਮੋਹ ਭਰੀਆਂ ਸਾਂਝਾਂ ਦੇ ਖ਼ੂਬਸੂਰਤ ਪਲ ਹੀ ਜ਼ਿੰਦਗੀ ਦਾ ਖ਼ੂਬਸੂਰਤ ਸੰਸਾਰ ਹੁੰਦੇ।
ਜ਼ਿੰਦਗੀ ਦੇ ਸਫ਼ਰ ਵਿੱਚ ਸਮਾਂ ਕਦੀ ਖ਼ੁਸ਼ੀਆਂ ਦੇ ਪਲ ਚਿਤਰਦਾ ਹੈ, ਕਦੇ ਉਦਾਸੀਆਂ ਦੇ ਮਾਰੂਥਲ ਤੇ ਕਦੀ ਦੋਵੇਂ ਹੀ। ਆਏ ਗਏ ਲਈ ਆਪਣੇ ਹੱਥਾਂ ਨਾਲ ਨਵੀਆਂ ਚਾਦਰਾਂ ਵਿਛਾਉਣ ਅਤੇ ਨਵੇਂ ਕੱਪ-ਪਲੇਟਾਂ ਸਾਭ-ਸਾਂਭ ਰੱਖਣ ਵਾਲੀ ਬੀਬੀ ਦੀ ਉਮਰ ਤੇ ਸਾਹਾਂ ਦਾ ਸਫ਼ਰ ਵੀ ਪੂਰਾ ਹੋ ਗਿਆ। ਪੇਟੀ, ਸੰਦੂਕ, ਚਾਦਰਾਂ, ਕੱਪ-ਪਲੇਟਾਂ ਨੂੰ ਮੈਂ ਉਦਾਸੀਆਂ ਅੱਖਾਂ ਨਾਲ ਦੇਖਦਾ ਰਹਿੰਦਾ। “ਖੜ੍ਹਾ-ਖੜ੍ਹਾ ਕੀ ਦੇਖਦਾ ਏਂ? ਆਹ ਚਾਦਰ ਕੱਢ ਲੈ। ਬੜੀ ਸੋਹਣੀ ਲੱਗੂ ਵਿਛੀ ਹੋਈ...।” ਮੈਨੂੰ ਕਿਸੇ ਆਵਾਜ਼ ਦਾ ਜਿਵੇਂ ਝਾਉਲਾ ਜਿਹਾ ਪੈਂਦਾ ਹੋਵੇ। ਮੈਨੂੰ ਜਾਪਦਾ ਜਿਵੇਂ ਬੀਬੀ ਹੁਣ ਵੀ ਕਹਿ ਰਹੀ ਹੋਵੇ ਕਿ ਹਰ ਮਿਲੇ ਰਿਸ਼ਤੇ ਨੂੰ ਮੁਸਕਰਾਉਂਦੇ ਚਿਹਰੇ ਨਾਲ ਰੱਜ ਕੇ ਨਿਭਾਉਣ, ਹੰਢਾਉਣ ਤੇ ਅੰਦਰ ਵਸਾਉਣ ਦੀ ਤਾਂਘ ਬਹੁਤ ਵੱਡੀ ਗੱਲ ਹੁੰਦੀ ਹੈ।
ਹੁਣ ਵੀ ਕੱਪੜੇ ਦਾ ਤਣੀਆਂ ਵਾਲਾ ਝੋਲਾ ਹੱਥ ’ਚ ਫੜ ਕੇ ਸਬਜ਼ੀ ਲੈਣ ਜਾਂਦੀ ਬੀਬੀ ਦਾ ਬਹੁਤ ਕੁਝ ਮੇਰੇ ਅੰਦਰ ਜਿਊਂਦਾ ਹੈ। ਸਿਰਨਾਵੇਂ ਭਾਵੇਂ ਘਰਾਂ ਦੇ ਕਈ ਵਾਰ ਬਦਲ ਗਏ ਪਰ ਵਰ੍ਹਿਆਂ ਪਹਿਲੋਂ ਉਸ ਦੇ ਜੱਗੋਂ ਤੁਰ ਜਾਣ ਪਿੱਛੋਂ ਅਜੇ ਵੀ ਕੋਈ ਕਹਿ ਦਿੰਦਾ ਹੈ, “ਮੈਂ ਬੀਬੀ ਘਰੇ ਜਾਣਾ...!”
ਸੰਪਰਕ: 94667-37933

Advertisement

Advertisement
Advertisement
Author Image

Jasvir Samar

View all posts

Advertisement