ਕੈਮਿਸਟ ਦੀ ਗੋਲੀ ਮਾਰ ਕੇ ਹੱਤਿਆ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 17 ਜੂਨ
ਨੈਸ਼ਨਲ ਹਾਈਵੇਅ ਅੰਮ੍ਰਿਤਸਰ-ਪਠਾਨਕੋਟ ’ਤੇ ਕਸਬਾ ਨੌਸ਼ਹਿਰਾ ਨੇੜੇ ਸਤਕੋਹਾ ਮੋੜ ’ਤੇ ਲੰਘੀ ਰਾਤ ਇਕ ਵਿਅਕਤੀ ਦੀ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮੇਜਰ ਸਿੰਘ (60) ਪੁੱਤਰ ਰਘਬੀਰ ਸਿੰਘ ਵਾਸੀ ਨਵਾਂ ਹਰਨਾਮ ਨਗਰ, ਥਾਣਾ ਸਿਵਲ ਲਾਈਨ ਬਟਾਲਾ ਵਜੋਂ ਹੋਈ ਹੈ।
ਉਹ ਪਿੰਡ ਕੈਲੇ ਕਲਾਂ ਵਿਚ ਮੈਡੀਕਲ ਸਟੋਰ ਚਲਾਉਂਦਾ ਸੀ ਤੇ ਸਟੋਰ ਬੰਦ ਕਰਕੇ ਮੋਟਰਸਾਈਕਲ ਰਾਹੀਂ ਆਪਣੇ ਘਰ ਜਾ ਰਿਹਾ ਸੀ। ਥਾਣਾ ਸੇਖਵਾਂ ਦੇ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਦੇ ਪੁੱਤਰ ਕਰਨਦੀਪ ਸਿੰਘ ਨੇ ਪੁਲੀਸ ਨੂੰ ਦੱਸਿਆ ਉਸ ਦਾ ਪਿਤਾ ਰਾਤ ਦੁਕਾਨ ਬੰਦ ਕਰਨ ਤੋਂ ਬਾਅਦ ਜਦੋਂ ਸਤਕੋਹਾ ਮੋੜ ਨੇੜੇ ਪਹੁੰਚਿਆ ਤਾਂ ਜਗਜੀਤ ਸਿੰਘ ਵਾਸੀ ਨੰਗਲ ਬਾਗਬਾਨਾਂ ਥਾਣਾ ਕਾਦੀਆਂ, ਉਸ ਦੀ ਪਤਨੀ ਰਾਜਵਿੰਦਰ ਕੌਰ, ਉਸ ਦੇ ਪੁੱਤਰ ਅਰਸ਼ਪ੍ਰੀਤ ਸਿੰਘ ਅਤੇ ਉਸ ਦੇ ਭਰਾ ਜਗਸੀਰ ਸਿੰਘ ਅਤੇ ਚਾਰ ਅਣਪਛਾਤਿਆਂ ਨੇ ਉਸ ਦੇ ਪਿਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਸੇਖਵਾਂ ਦੇ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਰਨਦੀਪ ਸਿੰਘ ਦੇ ਬਿਆਨਾਂ ਅਨੁਸਾਰ ਫਿਲਹਾਲ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਸੂਤਰਾਂ ਨੇ ਦੱਸਿਆ ਕਿ ਇਸ ਹੱਤਿਆ ਦਾ ਕਾਰਨ ਹਾਲੇ ਸਪਸ਼ਟ ਨਹੀਂ ਹੋਇਆ।