ਕੈਬਨਿਟ ਮੰਤਰੀ ਵੱਲੋਂ ਸੂਬਾ ਪੱਧਰੀ ਦਰਬਾਰ ’ਚ ਸ਼ਿਕਾਇਤਾਂ ਦਾ ਨਿਪਟਾਰਾ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 6 ਫਰਵਰੀ
ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵਿਭਾਗ ਦੇ ਪਲੇਠੇ ਰਾਜ ਪੱਧਰੀ ਆਨਲਾਈਨ ਜਨਤਾ ਦਰਬਾਰ ਵਿੱਚ ਦੋ ਦਰਜਨ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਨੂੰ ਪਹਿਲ ਦਿੱਤੀ ਜਾਵੇ ਅਤੇ ਸੀਵਰੇਜ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ।
ਮੁਹਾਲੀ ਸਥਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਲਗਾਏ ਆਨਲਾਈਨ ਜਨਤਾ ਦਰਬਾਰ ਵਿੱਚ ਮੁਹਾਲੀ ਸਮੇਤ ਰੂਪਨਗਰ, ਫਾਜ਼ਿਲਕਾ, ਹੁਸ਼ਿਆਰਪੁਰ, ਬਠਿੰਡਾ, ਪਟਿਆਲਾ, ਮਾਨਸਾ ਅਤੇ ਗੁਰਦਾਸਪੁਰ ਜ਼ਿਲ੍ਹਿਆਂ ‘ਚੋਂ ਕੁੱਲ 26 ਸ਼ਿਕਾਇਤਾਂ ਆਈਆਂ। ਜ਼ਿਆਦਾ ਸ਼ਿਕਾਇਤਾਂ ਪਾਣੀ ਦੀ ਸਪਲਾਈ ਨਾਲ ਸਬੰਧਤ ਸਨ। ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਤੁਰੰਤ ਸ਼ਿਕਾਇਤਾਂ ਦੇ ਨਿਪਟਾਰੇ ਦੇ ਆਦੇਸ਼ ਦਿੱਤੇ ਅਤੇ ਕਈ ਸ਼ਿਕਾਇਤਾਂ ਨੂੰ ਸਮਾਂਬੱਧ ਹੱਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ 15 ਦਿਨ ਬਾਅਦ ਦੂਜੇ ਜਨਤਾ ਦਰਬਾਰ ਵਿੱਚ ਉਹ ਅੱਜ ਦੀਆਂ ਸ਼ਿਕਾਇਤਾਂ ਦਾ ਪਹਿਲਾਂ ਰਿਵਿਊ ਕਰਨਗੇ, ਉਪਰੰਤ ਨਵੀਆਂ ਸ਼ਿਕਾਇਤਾਂ ਸੁਣਨਗੇ। ਅੱਜ 25 ਸ਼ਿਕਾਇਤਾਂ ਆਨਲਾਈਨ ਸੁਣੀਆਂ ਅਤੇ ਇਕ ਸ਼ਿਕਾਇਤ ਸਮਾਣਾ ਦੇ ਪਿੰਡ ਫਤਹਿਗੜ੍ਹ ਛੰਨਾ ਤੋਂ ਗੇਜ ਕੌਰ ਨੇ ਮੰਤਰੀ ਸਾਹਮਣੇ ਰੱਖੀ।