ਕੈਬਨਿਟ ਮੰਤਰੀ ਬੈਂਸ ਤੇ ਜਥੇਦਾਰ ਗੜਗੱਜ ਦੀ ਨਰਾਜ਼ਗੀ ਬਣੀ ਚਰਚਾ ਦਾ ਵਿਸ਼ਾ
ਬਲਵਿੰਦਰ ਰੈਤ
ਨੰਗਲ, 13 ਅਪਰੈਲ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਦੜੌਲੀ ਦੇ ਗੁਰਦੁਆਰਾ ਦੂਖਨਿਵਾਰਨ ਵਿੱਚ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਬੜੀ ਛੇਤੀ ਵਾਇਰਲ ਹੋ ਗਈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੰਤਰੀ ਬੈਂਸ ਨੇ ਜੱਥੇਦਾਰ ਅੱਗੇ ਹੱਥ ਜੋੜ ਕੇ ਫ਼ਤਹਿ ਬੁਲਾਈ। ਮਗਰੋਂ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਕੁਲਦੀਪ ਸਿੰਘ ਗੜਗੱਜ ਨੇ ਵਿਧਾਨ ਸਭਾ ਦੇ ਕਿਸੇ ਮਸਲੇ ਦੀ ਗੱਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਚੱਲੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੰਤਰੀ ਬੈਂਸ ਨੇ ਇਹ ਬੋਲਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਐੱਸਜੀਪੀਸੀ ਨੂੰ ਚਾਹੀਦਾ ਹੈ ਕਿ ਆਪਸੀ ਮਸਲਿਆਂ ਨੂੰ ਬੈਠ ਕੇ ਸੁਲਝਾ ਲਿਆ ਜਾਵੇ ਕਿਉਂਕਿ ਅਜਿਹੇ ਮਸਲਿਆਂ ਨੂੰ ਜਨਤਕ ਕਰਨ ਨਾਲ ਸਿੱਖ ਕੌਮ ਦੀ ਬਦਨਾਮੀ ਹੁੰਦੀ ਹੈ। ਮੰਤਰੀ ਬੈਂਸ ਦੀ ਇਸ ਗੱਲ ’ਤੇ ਜੱਥੇਦਾਰ ਗੜਗੱਜ ਨੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕੌਮ ਦੇ ਮਸਲਿਆਂ ਨੂੰ ਵਿਧਾਨ ਸਭਾ ਵਿੱਚ ਨਹੀਂ ਚੁੱਕਿਆ ਜਾ ਸਕਦਾ, ਅਸੀਂ ਖ਼ੁਦ ਆਪਣੇ ਮਸਲੇ ਹੱਲ ਕਰ ਲਵਾਂਗੇ। ਸ਼ਾਇਦ ਇਸੇ ਗੱਲ ਨੂੰ ਲੈ ਕੇ ਅੱਜ ਪਿੰਡ ਦੜੌਲੀ ਦੇ ਗੁਰਦੁਆਰੇ ਵਿੱਚ ਮਾਹੌਲ ਕੁਝ ਗਰਮ ਹੁੰਦਾ ਨਜ਼ਰ ਆਇਆ। ਜ਼ਿਕਰਯੋਗ ਹੈ ਕਿ ਅੱਜ ‘ਸਾਡਾ ਐਮਐਲਏ ਸਾਡੇ ਵਿਚਕਾਰ’ ਮੁਹਿੰਮ ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਲਾਕੇ ਵਿੱਚ ਮੌਜੂਦ ਸੀ। ਪਹਿਲਾਂ ਮੰਤਰੀ ਬੈਂਸ ਹਿਮਾਚਲ ਬਾਰਡਰ ’ਤੇ ਪੈਂਦੇ ਪਿੰਡ ਅਜੌਲੀ ਗਏ, ਜਿੱਥੇ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਮਗਰੋਂ ਉਨ੍ਹਾਂ ਆਪਣੀ ਰਿਹਾਇਸ਼ 2 ਆਰਵੀਆਰ ਨੰਗਲ ਟਾਊਨਸ਼ਿਪ ਵਿੱਚ ਜਾ ਕੇ ਲੋਕਾਂ ਦੇ ਮਸਲੇ ਸੁਣੇ।