ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ ਤਾਰਾਗੜ੍ਹ ਮੰਡੀ ਦਾ ਦੌਰਾ
ਐੱਨਪੀ ਧਵਨ
ਪਠਾਨਕੋਟ, 20 ਅਪਰੈਲ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਦੀ ਤਾਰਾਗੜ੍ਹ ਦਾਨਾ ਮੰਡੀ ਦੌਰਾ ਕੀਤਾ ਅਤੇ ਮੰਡੀ ਵਿੱਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮੰਡੀ ਵਿੱਚ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਇਸ ਮੌਕੇ ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ ਤੇ ਜੰਗ ਬਹਾਦੁਰ, ਰਾਜਾ ਬਕਨੌਰ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਅੰਦਰ ਕਣਕ ਦੀ ਖਰੀਦ ਪੂਰੇ ਜ਼ੋਰਾਂ ’ਤੇ ਹੈ ਅਤੇ ਹੁਣ ਤੱਕ ਪੰਜਾਬ ਦੀ ਮੰਡੀਆਂ ਵਿੱਚ 28 ਲੱਖ ਮੀਟਰਿਕ ਟਨ ਕਣਕ ਪਹੁੰਚੀ ਹੈ। ਇਸ ਵਿੱਚੋਂ 24.50 ਮੀਟਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ ਅਤੇ ਐੱਮਐੱਸਪੀ ਅਨੁਸਾਰ ਕਿਸਾਨਾਂ ਦੀ ਬਣਦੀ 2500 ਕਰੋੜ ਰੁਪਏ ਦੀ ਰਾਸ਼ੀ ਕਰੀਬ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਸਾਲ ਕੇਂਦਰੀ ਪੂਲ ਲਈ 124 ਲੱਖ ਮੀਟਰਿਕ ਟਨ ਕਣਕ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਣਕ ਦੀ ਪੈਦਾਵਾਰ ਬਹੁਤ ਵਧੀਆ ਹੈ ਜਿਸ ਦਾ ਸਿੱਧੇ ਤੌਰ ’ਤੇ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਪੰਜਾਬ ਵੀ ਨਿਰਧਾਰਤ ਟੀਚੇ ਤੋਂ ਵੱਧ ਕਣਕ ਦੀ ਖਰੀਦ ਕਰਕੇ ਕੇਂਦਰੀ ਪੂਲ ਵਿੱਚ ਦੇਵੇਗਾ।
ਵੱਖਰੇ ਸਮਾਗਮ ਵਿੱਚ ਕੈਬਨਿਟ ਮੰਤਰੀ ਨੇ ਪਿੰਡ ਗੱਜੂ ਜਗੀਰ ਵਿੱਚ 81.70 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਨਵੀਂ ਵਾਟਰ ਸਪਲਾਈ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਚਾਲੂ ਹੋ ਜਾਣ ਨਾਲ 3 ਪਿੰਡਾਂ (ਰਕਵਾਲ, ਗੱਜੂ ਜਗੀਰ ਅਤੇ ਗੱਜੂ ਖਾਲਸਾ) ਦੇ 1400 ਪਰਿਵਾਰਾਂ ਨੂੰ ਪੀਣ ਵਾਲਾ ਪਾਣੀ ਮਿਲੇਗਾ।