ਕੈਨੇਡਾ ਦੀ ਖ਼ੁਫ਼ੀਆ ਏਜੰਸੀ ਨੇ ਮੁਲਕ ’ਚ ਖ਼ਾਲਿਸਤਾਨੀ ਸਰਗਰਮੀ ਕਬੂਲੀ
ਓਟਵਾ/ਨਵੀਂ ਦਿੱਲੀ, 19 ਜੂਨ
ਕੈਨੇਡਾ ਦੀ ਪ੍ਰਮੁੱਖ ਖ਼ੁਫ਼ੀਆ ਏਜੰਸੀ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ (ਸੀਐੱਸਆਈਐੱਸ) ਨੇ ਪਹਿਲੀ ਵਾਰ ਮੰਨਿਆ ਹੈ ਕਿ ਖ਼ਾਲਿਸਤਾਨੀ ਵੱਖਵਾਦੀ ਭਾਰਤ ਵਿੱਚ ਹਿੰਸਾ ਫੈਲਾਉਣ, ਫੰਡ ਇਕੱਠੇ ਕਰਨ ਅਤੇ ਪ੍ਰਚਾਰ ਲਈ ਕੈਨੇਡੀਅਨ ਧਰਤੀ ਦੀ ਵਰਤੋਂ ਕਰ ਰਹੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1980 ਦੇ ਦਹਾਕੇ ਦੇ ਮੱਧ ਤੋਂ ਕੈਨੇਡਾ ਵਿੱਚ ਖ਼ਾਲਿਸਤਾਨੀ ਵੱਖਵਾਦੀਆਂ ਵੱਲੋਂ ਸਿਆਸਤ ਤੋਂ ਪ੍ਰੇਰਿਤ ਹਿੰਸਕ ਵੱਖਵਾਦ (ਪੀਐੱਮਵੀਈ) ਦਾ ਖਤਰਾ ਪੈਦਾ ਕੀਤਾ ਗਿਆ। ਏਜੰਸੀ ਮੁਤਾਬਕ ਪੰਜਾਬ ਨੂੰ ਆਜ਼ਾਦ ਮੁਲਕ ਖ਼ਾਲਿਸਤਾਨ ਬਣਾਉਣ ਦੇ ਮਕਸਦ ਨਾਲ ਗਰਮਖ਼ਿਆਲੀਆਂ ਨੇ ਭਾਰਤ ਤੋਂ ਆ ਕੇ ਕੈਨੇਡਾ ’ਚ ਸ਼ਰਨ ਲੈ ਲਈ ਸੀ ਅਤੇ ਉਹ ਭਾਰਤ ਖ਼ਿਲਾਫ਼ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ। ਸੀਐੱਸਆਈਐੱਸ ਨੇ ਬੁੱਧਵਾਰ ਨੂੰ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਕੈਨੇਡਾ ਦੀ ਕੌਮੀ ਸੁਰੱਖਿਆ ਲਈ ਕੁਝ ਮੁੱਖ ਚਿੰਤਾਵਾਂ ਅਤੇ ਖ਼ਤਰਿਆਂ ਨੂੰ ਉਜਾਗਰ ਕੀਤਾ ਗਿਆ ਹੈ।
ਰਿਪੋਰਟ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ’ਚ ਭਾਰਤ ਵੱਲੋਂ ਦਖ਼ਲ ਦਿੱਤਾ ਜਾ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੋਸ਼ ਲਾਇਆ, ‘‘ਖ਼ਾਲਿਸਤਾਨੀ ਵੱਖਵਾਦ ਦੇ ਉਭਰਨ ਨਾਲ ਕੈਨੇਡਾ ’ਚ ਭਾਰਤੀ ਵਿਦੇਸ਼ੀ ਦਖ਼ਲਅੰਦਾਜ਼ੀ ਵੀ ਵਧ ਰਹੀ ਹੈ।’’ ਰਿਪੋਰਟ ਮੁਤਾਬਕ ਭਾਰਤੀ ਅਧਿਕਾਰੀ, ਜਿਨ੍ਹਾਂ ’ਚ ਉਨ੍ਹਾਂ ਦੇ ਕੈਨੇਡਾ ਸਥਿਤ ਏਜੰਟ ਵੀ ਸ਼ਾਮਲ ਹਨ, ਕਈ ਤਰ੍ਹਾਂ ਦੀਆਂ ਸਰਗਰਮੀਆਂ ’ਚ ਸ਼ਾਮਲ ਹਨ ਜਿਨ੍ਹਾਂ ਦਾ ਉਦੇਸ਼ ਕੈਨੇਡਿਆਈ ਫਿਰਕਿਆਂ ਅਤੇ ਰਾਜਸੀ ਆਗੂਆਂ ਨੂੰ ਪ੍ਰਭਾਵਿਤ ਕਰਨਾ ਹੈ। ਇਸ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਇਹ ਸਰਗਰਮੀਆਂ ਗੁਮਰਾਹਕੁਨ, ਗੁਪਤ ਜਾਂ ਧਮਕੀ ਭਰੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਵਿਦੇਸ਼ੀ ਦਖ਼ਲ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ’ਚ ਖ਼ਾਲਿਸਤਾਨੀ ਵੱਖਵਾਦੀਆਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਮੁੱਦੇ ਨੂੰ ਭਾਰਤ ਲੰਬੇ ਸਮੇਂ ਤੋਂ ਚੁੱਕਦਾ ਆ ਰਿਹਾ ਹੈ ਪਰ ਕੈਨੇਡਾ ਇਸ ਮੁੱਦੇ ’ਤੇ ਮੂਕ ਦਰਸ਼ਕ ਬਣਿਆ ਹੋਇਆ ਹੈ। ਸੀਐੱਸਆਈਐੱਸ ਦੀ ਰਿਪੋਰਟ ’ਚ ਪੁਸ਼ਟੀ ਕੀਤੀ ਗਈ ਹੈ ਕਿ ਕੈਨੇਡਾ, ਭਾਰਤ ਵਿਰੋਧੀ ਅਨਸਰਾਂ ਲਈ ਇੱਕ ਸੁਰੱਖਿਅਤ ਪਨਾਹਗਾਹ ਬਣ ਗਿਆ ਹੈ, ਜਿਸ ਨਾਲ ਭਾਰਤ ਦੀਆਂ ਚਿੰਤਾਵਾਂ ਸਹੀ ਸਾਬਤ ਹੋਈਆਂ ਹਨ।
ਰਿਪੋਰਟ ਵਿੱਚ ਲਿਖਿਆ ਹੈ, ‘‘ਵਿਅਕਤੀਆਂ ਦਾ ਛੋਟਾ ਸਮੂਹ ਖ਼ਾਲਿਸਤਾਨੀ ਵੱਖਵਾਦੀ ਵਜੋਂ ਮੰਨਿਆ ਜਾਂਦਾ ਹੈ ਕਿਉਂਕਿ ਉਹ ਮੁੱਖ ਤੌਰ ’ਤੇ ਭਾਰਤ ਵਿੱਚ ਹਿੰਸਾ ਵਧਾਉਣ, ਫੰਡ ਇਕੱਠੇ ਕਰਨ ਜਾਂ ਯੋਜਨਾ ਬਣਾਉਣ ਲਈ ਕੈਨੇਡਾ ਨੂੰ ਇੱਕ ਆਧਾਰ ਵਜੋਂ ਵਰਤਣਾ ਜਾਰੀ ਰੱਖਦੇ ਹਨ। ਖਾਸ ਤੌਰ ਤੇ ਕੈਨੇਡਾ ਤੋਂ ਉੱਭਰ ਰਿਹਾ ਅਸਲ ਅਤੇ ਸੰਭਾਵਿਤ ਖ਼ਾਲਿਸਤਾਨੀ ਵੱਖਵਾਦ ਕੈਨੇਡਾ ਵਿੱਚ ਭਾਰਤੀ ਵਿਦੇਸ਼ੀ ਦਖ਼ਲਅੰਦਾਜ਼ੀ ਦੀਆਂ ਗਤੀਵਿਧੀਆਂ ਨੂੰ ਸੇਧਿਤ ਕਰਦਾ ਹੈ।’’ ਇਸ ਤਾਜ਼ਾ ਰਿਪੋਰਟ ਵਿੱਚ ਖੁਲਾਸੇ ਨਾਲ ਕੈਨੇਡਾ ਅੰਦਰ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਵੱਖਵਾਦੀ ਗਤੀਵਿਧੀਆਂ ਬਾਰੇ ਖਾਸ ਤੌਰ ’ਤੇ ਭਾਰਤ ਨਾਲ ਉਸ ਦੇ ਸੰਵੇਦਨਸ਼ੀਲ ਕੂਟਨੀਤਕ ਸਬੰਧਾਂ ਦੇ ਸੰਦਰਭ ਵਿੱਚ ਚਿੰਤਾਵਾਂ ਮੁੜ ਪੈਦਾ ਹੋ ਗਈਆਂ ਹਨ।
ਰਿਪੋਰਟ ਵਿੱਚ ਲਿਖਿਆ ਗਿਆ ਹੈ, ‘‘ਭਾਰਤ ਸਰਕਾਰ ਅਤੇ ਨਿੱਝਰ ਕਤਲ ਵਿਚਕਾਰ ਸਬੰਧ ਖ਼ਾਲਿਸਤਾਨ ਅੰਦੋਲਨ ਵਿਰੁੱਧ ਭਾਰਤ ਦੇ ਦਮਨਕਾਰੀ ਯਤਨਾਂ ਵਿੱਚ ਮਹੱਤਵਪੂਰਨ ਵਾਧਾ ਅਤੇ ਉੱਤਰੀ ਅਮਰੀਕਾ ਵਿੱਚ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਸਪੱਸ਼ਟ ਇਰਾਦਾ ਦਰਸਾਉਂਦਾ ਹੈ।”
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜੀ-7 ਸਿਖ਼ਰ ਸੰਮੇਲਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਉਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਜਿਸ ’ਤੇ ਕੁਝ ਸਿੱਖ ਵਕੀਲਾਂ ਅਤੇ ਸੰਸਦ ਮੈਂਬਰਾਂ ਨੇ ਨਾਰਾਜ਼ਗੀ ਪ੍ਰਗਟਾਈ ਹੈ। ਹਾਲਾਂਕਿ, ਕਾਰਨੀ ਨੇ ਆਲਮੀ ਮਾਮਲਿਆਂ ਵਿੱਚ ਭਾਰਤ ਦੀ ਮਹੱਤਤਾ ਦਾ ਹਵਾਲਾ ਦਿੰਦੇ ਹੋਏ ਆਪਣੇ ਫ਼ੈਸਲੇ ਦਾ ਬਚਾਅ ਕੀਤਾ ਹੈ। -ਏਐੱਨਆਈ/ਪੀਟੀਆਈ
ਦਿਨੇਸ਼ ਪਟਨਾਇਕ ਬਣ ਸਕਦੇ ਨੇ ਕੈਨੇਡਾ ’ਚ ਭਾਰਤ ਦੇ ਹਾਈ ਕਮਿਸ਼ਨਰ
ਨਵੀਂ ਦਿੱਲੀ: ਤਜਰਬੇਕਾਰ ਡਿਪਲੋਮੈਟ ਦਿਨੇਸ਼ ਕੇ ਪਟਨਾਇਕ ਨੂੰ ਕੈਨੇਡਾ ’ਚ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਜਾ ਸਕਦਾ ਹੈ। ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ 2023 ’ਚ ਹੱਤਿਆ ਮਗਰੋਂ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਤਣਾਅ ਪੈਦਾ ਹੋ ਗਿਆ ਸੀ ਪਰ ਹੁਣ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਦੁਵੱਲੇ ਸਬੰਧ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕੈਨੇਡਿਆਈ ਹਮਰੁਤਬਾ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਜੀ-7 ਸਿਖ਼ਰ ਸੰਮੇਲਨ ਦੌਰਾਨ ਹਾਈ ਕਮਿਸ਼ਨਰਾਂ ਦੀ ਬਹਾਲੀ ਲਈ ਕਦਮ ਚੁੱਕਣ ਦਾ ਫ਼ੈਸਲਾ ਲਿਆ ਸੀ। ਭਾਰਤੀ ਵਿਦੇਸ਼ ਸੇਵਾ ਦੇ 1990 ਬੈਚ ਦੇ ਅਧਿਕਾਰੀ ਪਟਨਾਇਕ ਇਸ ਸਮੇਂ ਸਪੇਨ ’ਚ ਭਾਰਤ ਦੇ ਸਫ਼ੀਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਜਾਣਕਾਰੀ ਮੁਤਾਬਕ ਪਟਨਾਇਕ ਦੀ ਥਾਂ ’ਤੇ ਜੈਯੰਤ ਖੋਬਰਾਗੜੇ ਨੂੰ ਸਪੇਨ ਦਾ ਸਫ਼ੀਰ ਨਿਯੁਕਤ ਕੀਤਾ ਜਾ ਸਕਦਾ ਹੈ, ਜੋ ਇਸ ਸਮੇਂ ਆਸੀਆਨ (ਐਸੋਸੀਏਸ਼ਨ ਆਫ਼ ਸਾਊਥਈਸਟ ਏਸ਼ੀਅਨ ਨੇਸ਼ਨਜ਼) ’ਚ ਭਾਰਤ ਦੇ ਸਫ਼ੀਰ ਹਨ। -ਪੀਟੀਆਈ