ਕੈਂਸਰ ਸਬੰਧੀ ਮੁਫ਼ਤ ਨਿਰੀਖਣ ਕੈਂਪ ਲਾਇਆ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਜੂਨ
ਸਥਾਨਕ ਪੀਡੀ ਜੈਨ ਚੈਰੀਟੇਬਲ ਟਰੱਸਟ ਵਲੋਂ ਸਿੱਧਵਾਂ ਬੇਟ ਦੇ ਸਰਕਾਰੀ ਹਸਪਤਾਲ ਵਿੱਖੇ ਡਾ. ਕੇਹਰ ਸਿੰਘ ਯਾਦਗਾਰੀ ਕੈਂਸਰ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਦੌਰਾਨ ਅੱਖਾਂ ਅਤੇ ਜਨਰਲ ਰੋਗਾਂ ਦੇ ਮਰੀਜ਼ਾਂ ਦਾ ਵੀ ਨਿਰੀਖਣ ਕੀਤਾ ਗਿਆ। ਕੈਂਪ ਵਿੱਚ 500 ਦੇ ਕਰੀਬ ਲੋਕਾਂ ਨੇ ਪਹੁੰਚ ਕੇ ਮਾਹਿਰ ਡਾਕਟਰਾਂ ਪਾਸੋਂ ਆਪਣਾ ਚੈੱਕਅਪ ਕਰਾਇਆ। ਕੈਂਪ ਦੌਰਾਨ ਕੈਂਸਰ ਦੇ ਮਹਿੰਗੇ ਟੈਸਟ ਮੁਫ਼ਤ ਕੀਤੇ ਗਏ। ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਕੈਂਪ ਵਿੱਚ ਕੁਲਵੰਤ ਸਿੰਘ ਧਾਲੀਵਾਲ ਇੰਗਲੈਂਡ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਕੈਂਸਰ ਫੈਲਣ ਤੇ ਇਸ ਦੀ ਰੋਕਥਾਮ ਬਾਰੇ ਸੁਝਾਅ ਦਿੱਤੇ।
ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਆਪਣੀ ਜੀਵਨਸ਼ੈਲੀ ਅਤੇ ਖਾਣ-ਪੀਣ ਵਿੱਚ ਬਦਲਾਅ ਲਿਆ ਕੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਦਾ ਇਲਾਜ ਤਾਂ ਹੀ ਸੰਭਵ ਹੈ ਜੇਕਰ ਇਸ ਦਾ ਸਮੇਂ ਸਿਰ ਪਤਾ ਲੱਗ ਜਾਵੇ। ਕੈਂਪ ਵਿੱਚ ਸਾਬਕਾ ਡੀਆਈਜੀ ਮਨਦੀਪ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਉਹ ਆਪਣੇ ਪੁਰਖਿਆਂ ਦੀ ਧਰਤੀ 'ਤੇ ਪਹੁੰਚ ਕੇ ਮਾਣ ਮਹਿਸੂਸ ਕਰ ਰਹੇ ਹਨ। ਕਰਨਲ ਜਸਜੀਤ ਸਿੰਘ ਗਿੱਲ ਨੇ ਲੋਕਾਂ ਨੂੰ ਪਾਣੀ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਉਹ ਪਾਣੀ ਬਚਾਉਣ ਲਈ ਕਿਸ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ। ਇਸ ਮੌਕੇ ਸਮਾਜ ਸੇਵੀ ਰਜਿੰਦਰ ਜੈਨ ਅਤੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਨੇ ਆਏ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਸਰਵਰਿੰਦਰ ਸਿੰਘ ਸਿੱਧੂ, ਡਾਕਟਰ ਸਤੀਸ਼ ਸ਼ਰਮਾ, ਰਾਜ ਕੁਮਾਰ ਭੱਲਾ, ਅਰੁਣ ਗੋਇਲ, ਰਵੀ ਗੋਇਲ, ਐਡਵੋਕੇਟ ਮਹਿੰਦਰ ਸਿੰਘ ਸਿੱਧੂ, ਸਾਬਕਾ ਸਰਪੰਚ ਪਰਮਜੀਤ ਸਿੰਘ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ ਠੇਕੇਦਾਰ, ਸਾਬਕਾ ਚੇਅਰਮੈਨ ਰਸ਼ਪਾਲ ਸਿੰਘ ਤਲਵਾੜਾ, ਜਗਦੇਵ ਸਿੰਘ ਦਿਓਲ, ਗੁਰਕਿਰਪਾਲ ਸਿੰਘ ਢਿੱਲੋਂ, ਰੋਬਿਨ ਸਿੱਧੂ, ਗੁਰਦੀਪ ਸਿੰਘ ਸਿੱਧੂ, ਸੁਰੇਸ਼ ਗਰਗ, ਸ਼ਸ਼ੀ ਭੂਸ਼ਣ ਜੈਨ ਵਿਸ਼ੇਸ਼ ਤੌਰ ’ਤੇ ਪਹੁੰਚੇ।