ਕੇਰਲਾ ਬੇੜੀ ਦੁਖਾਂਤ: ਮੁੱਖ ਮੰਤਰੀ ਨੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ
ਮਾਲਾਪੁਰਮ (ਕੇਰਲਾ), 8 ਮਈ
ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਅੱਜ ਤਿਰੁਰੰਗੜੀ ਸਥਿਤ ਤਾਲੁਕ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਇਕ ਦਿਨ ਪਹਿਲਾਂ ਬੇੜੀ ਪਲਟਣ ਕਾਰਨ ਹੋਏ ਹਾਦਸੇ ‘ਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਹਾਲ-ਚਾਲ ਜਾਣਿਆ। ਕੇਰਲਾ ਸਰਕਾਰ ਨੇ ਇਸ ਹਾਦਸੇ ਦੀ ਨਿਆਂਇਕ ਜਾਂਚ ਦਾ ਆਦੇਸ਼ ਵੀ ਦਿੱਤਾ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਦਸ ਦਸ ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜ਼ਖ਼ਮੀ ਵਿਅਕਤੀਆਂ ਦੇ ਇਲਾਜ ਦਾ ਸਾਰਾ ਖਰਚਾ ਚੁੱਕੇਗੀ।
ਤਿਰੂਵਨੰਤਪੁਰਮ: ਸੂਬਾਈ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਨੇ ਸੈਲਾਨੀ ਕਿਸ਼ਤੀ ਹਾਦਸੇ ਸਬੰਧੀ ਖ਼ੁਦ ਕੇਸ ਦਰਜ ਕਰ ਲਿਆ ਹੈ। ਕਮਿਸ਼ਨ ਦੇ ਨਿਆਂਇਕ ਮੈਂਬਰ ਕੇ ਬਾਇਜੂ ਨਾਥ ਨੇ ਮੱਲਾਪੁਰਮ ਦੇ ਜ਼ਿਲ੍ਹਾ ਕੁਲੈਕਟਰ ਅਤੇ ਅਲਾਪੁਝਾ ਦੇ ਮੁੱਖ ਬੰਦਰਗਾਹ ਸਰਵੇਖਣ ਅਫਸਰ ਨੂੰ ਦਸ ਦਿਨਾਂ ਦੇ ਅੰਦਰ ਰਿਪੋਰਟ ਦਾਖ਼ਲ ਕਰਨ ਦੀ ਹਦਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਪਰਾਪਨੰਗਡੀ ਵਿੱਚ ਐਤਵਾਰ ਨੂੰ ਡਬਲ ਡੇਕਰ ਸੈਲਾਨੀ ਬੇੜੀ ਪਲਟਣ ਕਾਰਨ 22 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿੱਚ ਪੁਲੀਸ ਅਫਸਰ ਵੀ ਸ਼ਾਮਲ ਸੀ। ਕੇਰਲਾ ਦੇ ਮਾਲ ਮੰਤਰੀ ਕੇ ਰਾਜਨ ਨੇ ਅੱਜ ਕਿਹਾ ਕਿ ਬੇੜੀ ਪਲਟਣ ਕਾਰਨ ਹੋਏ ਹਾਦਸੇ ਵਿੱਚ ਹੁਣ ਤੱਕ 22 ਵਿਅਕਤੀ ਮਾਰੇ ਜਾ ਚੁੱਕੇ ਹਨ। -ਪੀਟੀਆਈ
ਰਾਹੁਲ ਗਾਂਧੀ ਨੇ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਟਵੀਟ ਕਰ ਕੇ ਕੇਰਲਾ ਦੇ ਮੱਲਾਪੁਰਮ ‘ਚ ਕਿਸ਼ਤੀ ਪਲਟਣ ਦੇ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਅਤੇ ਜ਼ਖ਼ਮੀਆਂ ਦੇ ਛੇਤੀ ਤੰਦਰੁਸਤ ਹੋਣ ਦੀ ਦੁਆ ਕੀਤੀ। ਇਸੇ ਦੌਰਾਨ ਪੱਛਮੀ ਬੰਗਾਲ ਦੇ ਰਾਜਪਾਲ ਆਨੰਦਾ ਬੋਸ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੇਰਲਾ ‘ਚ ਹੋਏ ਬੇੜੀ ਹਾਦਸੇ ‘ਤੇ ਡੂੰਘਾ ਦੁੱਖ ਜ਼ਾਹਰ ਕੀਤਾ। -ਪੀਟੀਆਈ