ਕੇਰਲਾ ਦੇ ਖੇਤੀਬਾੜੀ ਮੰਤਰੀ ਵੱਲੋਂ ਖ਼ੁਰਾਕ ਕਮਿਸ਼ਨ ਦੇ ਦਫ਼ਤਰ ਦਾ ਦੌਰਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਮਈ
ਕੇਰਲਾ ਦੇ ਖੇਤੀਬਾੜੀ ਮੰਤਰੀ ਪੀ. ਪ੍ਰਸਾਦ ਨੇ ਅੱਜ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਦਫ਼ਤਰ ਦਾ ਦੌਰਾ ਕੀਤਾ। ਇਸ ਬਾਰੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਕੇਰਲਾ ਦੇ ਖੇਤੀਬਾੜੀ ਮੰਤਰੀ ਨਾਲ ਦੋਵੇਂ ਰਾਜਾਂ ਵਿੱਚ ਮਿੱਡ-ਡੇਅ ਮੀਲ ਯੋਜਨਾ ਵਿੱਚ ਹੋਰ ਸੁਧਾਰ ਕਰਨ ਬਾਰੇ ਵਿਚਾਰ-ਚਰਚਾ ਕੀਤੀ ਗਈ।
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਚਲਾਈ ਜਾ ਰਹੀ ਮਿੱਡ-ਡੇਅ ਮੀਲ ਸਕੀਮ ਬਾਰੇ ਜਾਣਕਾਰੀ ਦਿੱਤੀ, ਜਿਸ ਦੀ ਕੇਰਲਾ ਦੇ ਖੇਤੀਬਾੜੀ ਮੰਤਰੀ ਨੇ ਸ਼ਲਾਘਾ ਕੀਤੀ। ਚੇਅਰਮੈਨ ਨੇ ਉਨ੍ਹਾਂ ਨੂੰ ਦੱਸਿਆ ਕਿ ਕਮਿਸ਼ਨ ਦੇ ਸਾਰੇ ਮੈਂਬਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਿੱਡ-ਡੇਅ ਮੀਲ, ਆਂਗਣਵਾੜੀਆਂ ਅਤੇ ਅਨਾਜ ਵੰਡ ਦੀ ਜਾਂਚ ਦਾ ਦੌਰਾ ਕਰਨ ਜਾਂਦੇ ਹਨ। ਹੁਣ ਸਾਰੇ ਮੈਂਬਰਾਂ ਨੂੰ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਪਾਣੀ ਦੇ ਨਮੂਨੇ ਵਾਲੀਆਂ ਮਸ਼ੀਨਾਂ ਅਤੇ ਅਨਾਜ ਵਿੱਚ ਨਮੀ ਦੀ ਮਾਤਰਾ ਦੀ ਜਾਂਚ ਕਰਨ ਲਈ ਨਮੀ ਮੀਟਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਜੜੀ-ਬੂਟੀਆਂ ਦੇ ਪੌਦਿਆਂ ਨੂੰ ਵਧਾਉਣਾ ਰਾਜ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।
ਇਸ ਮੌਕੇ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਮੈਂਬਰ ਪ੍ਰੀਤੀ ਚਾਵਲਾ ਅਤੇ ਮੈਂਬਰ ਸਕੱਤਰ ਕਮਲ ਕੁਮਾਰ ਗਰਗ ਵੱਲੋਂ ਖੇਤੀਬਾੜੀ ਮੰਤਰੀ ਪੀ ਪ੍ਰਸਾਦ ਦਾ ਸਨਮਾਨ ਕੀਤਾ ਗਿਆ।