ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਅੱਜ ਦਾਖਲ ਕਰਵਾਉਣਗੇ ਅਰੋੜਾ ਦੀ ਨਾਮਜ਼ਦਗੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਮਈ
ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀ ਨਾਮਜ਼ਦਗੀ ਦਾਖਲ ਕਰਵਾਉਣ ਲਈ ਭਲਕੇ 30 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੁਧਿਆਣਾ ਪੁੱਜਣਗੇ। ਅਰੋੜਾ ਸ਼ੁੱਕਰਵਾਰ ਸਵੇਰੇ ਆਪ ਦੇ ਸੀਨੀਅਰ ਆਗੂਆਂ ਤੇ ਪਰਿਵਾਰਿਕ ਮੈਂਬਰ ਦੇ ਨਾਲ ਨਾਮਜ਼ਦਗੀ ਦਾਖਲ ਕਰਨ ਜਾਣਗੇ। ਇਸ ਸਮਾਗਮ ਜਰੀਏ ਆਮ ਆਦਮੀ ਪਾਰਟੀ ਚੋਣਾਂ ਦੇ ਲਈ ਰੋਡ ਸ਼ੋਅ ਕੱਢ ਕੇ ਵੱਡਾ ਸ਼ਕਤੀ ਪ੍ਰਦਰਸ਼ਨ ਕਰੇਗੀ।
ਇਸ ਰੋਡ ਸ਼ੋਅ ਦੀ ਅਗਵਾਈ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਪੂਰੇ ਪ੍ਰੋਗਰਾਮ ਦੌਰਾਨ ਅਰੋੜਾ ਦੇ ਨਾਲ ਰਹਿਣਗੇ। ਇਹ ਰੋਡ ਸ਼ੋਅ ਆਰਤੀ ਚੌਕ ਤੋਂ ਸ਼ੁਰੂ ਹੋਵੇਗਾ ਅਤੇ ਭਾਈ ਬਾਲਾ ਚੌਕ ਤੋਂ ਹੁੰਦਾ ਹੋਇਆ ਡੀਸੀ ਦਫ਼ਤਰ ਪੁੱਜੇਗੀ।
ਪਿਛਲੇ ਤਿੰਨ ਮਹੀਨਿਆਂ ਤੋਂ ‘ਆਪ’ ਉਮੀਦਵਾਰ ਅਰੋੜਾ ਲੁਧਿਆਣਾ (ਪੱਛਮੀ) ਦੇ ਵੋਟਰਾਂ ਨਾਲ ਸਰਗਰਮੀ ਨਾਲ ਜੁੜ ਹੋਏ ਹਨ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਪਹੁੰਚ ਰਹੇ ਹਨ। ਇਨ੍ਹਾਂ ਮੀਟਿੰਗਾਂ ਵਿੱਚ ਉਨ੍ਹਾਂ ਨੇ ਸਿੱਧੇ ਤੌਰ ’ਤੇ ਵੋਟਰਾਂ ਦੇ ਨਾਲ ਸੰਪਰਕ ਕੀਤਾ। ਹਰੇਕ ਜਨਤਕ ਮੀਟਿੰਗ ਵਿੱਚ ਉਨ੍ਹਾਂ ਨੇ ਤਿੰਨ ਸਾਲਾਂ ਦਾ ਰਿਪੋਰਟ ਕਾਰਡ ਸਾਂਝਾ ਕਰਦੇ ਦੱਸਿਆ ਕਿ ਉਨ੍ਹਾਂ ਨੇ ਹਲਵਾਰਾ ਕੌਮਾਂਤਰੀ ਹਵਾਈ ਅੱਡਾ ਪ੍ਰਾਜੈਕਟ, ਸਿਵਲ ਹਸਪਤਾਲ ਅਤੇ ਈਐੱਸਆਈ ਹਸਪਤਾਲ ਦਾ ਅਪਗ੍ਰੇਡੇਸ਼ਨ ਅਤੇ ਸਿੱਧਵਾਂ ਨਹਿਰ ਉੱਤੇ ਚਾਰ ਵੱਡੇ ਪੁਲਾਂ ਦਾ ਨਿਰਮਾਣ ਮਹੱਤਵਪੂਰਨ ਹਨ। ਇਸ ਤੋਂ ਇਲਾਵਾ ਅਰੋੜਾ ਨੇ ਐਲੀਵੇਟਿਡ ਰੋਡ ਪ੍ਰੋਜੈਕਟ ਅਤੇ ਲੁਧਿਆਣਾ ਅਤੇ ਆਲੇ ਦੁਆਲੇ ਰਾਸ਼ਟਰੀ ਰਾਜਮਾਰਗਾਂ ਦੇ ਵਿਸਥਾਰ ਅਤੇ ਸੁਧਾਰ ਵਰਗੀਆਂ ਮੁੱਖ ਬੁਨਿਆਦੀ ਢਾਂਚਾ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਵਿੱਚ ਆਪਣੀ ਭੂਮਿਕਾ ’ਤੇ ਜ਼ੋਰ ਦਿੰਦੇ ਹਨ।
ਦੱਸ ਦਈਏ ਕਿ ਹਲਕਾ ਪੱਛਮੀ ਦੀ ਸੀਟ 11 ਜਨਵਰੀ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਅਚਾਨਕ ਦੇਹਾਂਤ ਤੋਂ ਬਾਅਦ ਖਾਲੀ ਹੋ ਗਈ ਸੀ। ‘ਆਪ’ ਨੇ ਆਉਣ ਵਾਲੀਆਂ ਉਪ-ਚੋਣਾਂ ਲਈ ਅਰੋੜਾ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਅਰੋੜਾ ਦੇ ਤਿੰਨ ਸਾਲਾਂ ਦੇ ਰਾਜ ਸਭਾ ਮੈਂਬਰ ਵੱਜੋਂ ਕੀਤੇ ਵੱਧਿਆ ਕੰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਟਿਕਟ ਦਿੱਤੀ ਗਈ।