‘ਕੇਂਦਰ ਨੇ ਜਨਤਕ ਅਦਾਰੇ ਕਾਰਪੋਰੇਸ਼ਨਾਂ ਨੂੰ ਸੌਂਪੇ’
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਮਈ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਇੱਥੇ ਰੇਲਵੇ ਸਟੇਸ਼ਨ ਸਾਹਮਣੇ ਮਾਰਕੀਟ ਦੇ ਪਾਰਕ ਵਿੱਚ ਸਮਾਜ ਵਿਗਿਆਨੀ ਕਾਰਲ ਮਾਰਕਸ ਦਾ ਜਨਮ ਦਿਹਾੜਾ ਮਨਾਇਆ ਗਿਆ।
ਸਮਾਗਮ ਦੀ ਪ੍ਰਧਾਨਗੀ ਪਾਰਟੀ ਦੇ ਆਗੂਆਂ ਕੁਲਵੰਤ ਸਿੰਘ, ਜਗਤਾਰ ਸਿੰਘ ਕਰਮਪੁਰਾ, ਅਮਰੀਕ ਸਿੰਘ ਦਾਊਦ, ਹਰਭਜਨ ਸਿੰਘ ਟਰਪਈ, ਮੰਗਲ ਸਿੰਘ ਟਾਂਡਾ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਸਾਬਕਾ ਅਧਿਆਪਕ ਪ੍ਰੋ. ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਾਰਲ ਮਾਰਕਸ ਨੇ ਬੋਨ, ਬਰਲਿਨ, ਫਰੈਡਰਿਕ, ਸਚਿਲਰ ਵੱਖ-ਵੱਖ ਉੱਚ ਕੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਵਿੱਦਿਆ ਪ੍ਰਾਪਤ ਕਰਕੇ ਇਹ ਨਤੀਜਾ ਕੱਢ ਲਿਆ ਸੀ ਕਿ ਸਾਡਾ ਸਮਾਜ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਲੁੱਟਣ ਵਾਲੇ ਜਿਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਅਤੇ ਦੂਜੇ ਲੁੱਟੇ ਜਾ ਰਹੇ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਰਲ ਮਾਰਕਸ ਨੇ 21 ਫਰਵਰੀ 1848 ਨੂੰ ਕਮਿਊਨਿਸਟ ਮੈਨੀਫੈਸਟੋ ਜਾਰੀ ਕੀਤਾ ਜਿਹੜਾ ਕਿ ਇਤਿਹਾਸਕ ਦਸਤਾਵੇਜ਼ ਬਣ ਗਿਆ। ਉਨ੍ਹਾਂ ਕਿਹਾ ਕਿ ਇਸੇ ਸਿਧਾਂਤ ਦੀ ਸੇਧ ਵਿੱਚ ਅੱਜ ਦੇਸ਼ ਦੀ ਹਾਕਮ ਜਮਾਤ ਨੇ ਦੇਸ਼ ਦੇ ਸਾਰੇ ਅਦਾਰੇ ਦੇਸੀ-ਵਿਦੇਸ਼ੀ ਵੱਡੀਆਂ ਕਾਰਪੋਰੇਸ਼ਨਾਂ ਨੂੰ ਸੌਂਪ ਦਿੱਤੇ ਹਨ।