ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨੀ ਮੁੱਦਿਆਂ ਤੋਂ ਬੇਮੁੱਖ: ਆਸ਼ੂ
ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਇਥੇ ਕਿਹਾ ਕਿ ਇਕ ਪਾਸੇ ਸੂਬੇ ਦੇ ਕਿਸਾਨਾਂ ਸਮੇਤ ਹੋਰਨਾਂ ਰਾਜਾਂ ਦੇ ਕਿਸਾਨਾਂ ਦੀ ਹਾਲਤ ਫ਼ਿਕਰਮੰਦੀ ਵਾਲੀ ਹੈ, ਪਰ ਕੇਂਦਰ ਸਰਕਾਰ ਕਿਸਾਨੀ ਮੰਗਾਂ ਤੋਂ ਬੇਮੁੱਖ ਹੋਈ ਨਜ਼ਰ ਆ ਰਹੀ ਹੈ। ਭਾਰਤ ਭੂਸ਼ਣ ਆਸ਼ੂ ਅੱਜ ਇਥੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਕਾਂਗਰਸੀ ਆਗੂ ਗੋਪਾਲ ਸ਼ਰਮਾ ਦੀ ਪਤਨੀ ਦੇ ਦੇਹਾਂਤ ਮੌਕੇ ਉਨ੍ਹਾਂ ਦੇ ਗ੍ਰਹਿ ਵਿਖੇ ਅਫਸੋਸ ਪ੍ਰਗਟ ਕਰਨ ਪਹੁੰਚੇ ਸਨ।
ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਸ਼ੂ ਨੇ ਕਿਹਾ ਕਿ ਮੋਦੀ ਹਕੂਮਤ ਵਾਂਗ ਹੀ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਵੀ ਕਿਸਾਨੀ ਮੰਗਾਂ ਤੇ ਕਿਸਾਨੀ ਮਸਲਿਆਂ ਤੋਂ ਮੂੰਹ ਮੋੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗੱਲੀਬਾਤੀਂ ਹੀ ਬੁੱਤਾ ਸਾਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮਰਨ ਵਰਤ ਕਰਕੇ ਹਾਲਤ ਨਾਜ਼ੁਕ ਹੋਣ ਦੇ ਬਾਵਜੂਦ ਦੋਵੇਂ ਸਰਕਾਰਾਂ ਉਨ੍ਹਾਂ ਦੀ ਸਾਰ ਨਹੀਂ ਲੈ ਰਹੀਆਂ। ਆਗੂ ਨੇ ਪੰਜਾਬ ਅੰਦਰ ਕਾਂਗਰਸ ਦੇ ਇਕਜੁੱਟ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਤਿੰਨ ਸਾਲਾਂ ਦੌਰਾਨ ‘ਆਪ’ ਸਰਕਾਰ ਦੀ ਨਖਿੱਧ ਕਾਰਗੁਜ਼ਾਰੀ ਕਰਕੇ ਲੋਕਾਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ ਦੇ ਹਰੇਕ ਮੁੱਦੇ ’ਤੇ ਮੋਹਰੀ ਹੋ ਕੇ ਲੜ ਰਹੀ ਹੈ ਤੇ ਲੋਕ ਹੁਣ ਕਾਂਗਰਸ ਦੇ ਨਾਲ ਹਨ। ਉਨ੍ਹਾਂ ਦਿੱਲੀ ਵਾਸੀਆਂ ਨੂੰ ਇਸ ਵਾਰ ਆਮ ਆਦਮੀ ਪਾਰਟੀ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਕੀਤੀ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਦਿਹਾਤੀ ਪ੍ਰਧਾਨ ਨਵਦੀਪ ਗਰੇਵਾਲ, ਕਾਮਰੇਡ ਰਵਿੰਦਰਪਾਲ ਸਿੰਘ ਰਾਜੂ, ਕੌਂਸਲਰ ਮੇਸ਼ੀ ਸਹੋਤਾ, ਅਮਨ ਕਪੂਰ ਬੌਬੀ, ਵਿਕਰਮ ਜੱਸੀ, ਰੌਕੀ ਗੋਇਲ, ਸੰਜੂ ਪਟਵਾਰੀ ਤੇ ਨੀਟਾ ਸਭਰਵਾਲ ਵੀ ਮੌਜੂਦ ਸਨ।