ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰੇ
ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਮਈ
ਕੇਂਦਰੀ ਟਰੇਡ ਯੂਨੀਅਨਾਂ ਦੀ 9 ਜੁਲਾਈ ਦੀ ਹੜਤਾਲ ਨੂੰ ਸਫ਼ਲ ਕਰਨ ਲਈ ਮਨਾਏ ਜਾ ਰਹੇ ਰੋਸ ਦਿਵਸ ਵਜੋਂ ਅੱਜ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਇਥੇ ਡੀਸੀ ਦਫ਼ਤਰ ਸਾਹਮਣੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਦੇ ਵਿਰੋਧ ਵਿੱਚ ਕੇਂਦਰ ਅਤੇ ਪੰਜਾਬ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ, ਜ਼ਿਲ੍ਹਾ ਪ੍ਰਧਾਨ ਗੁਰਜੀਤ ਘੱਗਾ ਅਤੇ ਸਕੱਤਰ ਹਰਿੰਦਰ ਪਟਿਆਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਮਜ਼ਦੂਰ, ਮੁਲਾਜ਼ਮਾਂ ਅਤੇ ਮਾਣਭੱਤਾ ਵਰਕਰਾਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ। ਮਜ਼ਦੂਰ ਪੱਖੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਲਿਆਉਣਾ, ਠੇਕੇਦਾਰ ਤੇ ਆਊਟਸੋਰਸ ਪ੍ਰਣਾਲੀ ਨੂੰ ਜਾਰੀ ਰੱਖਦਿਆਂ ਮਜ਼ਬੂਤ ਕਰਨਾ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਹਵਾਲੇ ਕਰਨਾ, ਸਰਕਾਰੀ ਮਹਿਕਮਿਆਂ ਵਿੱਚ ਆਕਾਰ ਘਟਾਈ ਦੀ ਨੀਤੀ ਨੂੰ ਤੇਜ਼ ਕਰਨਾ, ਪੁਰਾਣੀ ਪੈਨਸ਼ਨ ਲਾਗੂ ਨਾ ਕਰਨਾ, ਮਾਣਭੱਤਾ ਵਰਕਰਾਂ ਦੇ ਮਾਣਭੱਤੇ ਵਿੱਚ ਕੇਂਦਰ ਸਰਕਾਰ ਦੁਆਰਾ ਪਾਏ ਜਾਂਦੇ ਹਿੱਸੇ ਵਿੱਚ ਵਾਧਾ ਨਾ ਕਰਨਾ, ਨਵੀਂ ਸਿੱਖਿਆ ਨੀਤੀ ਰਾਹੀਂ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਖਾਤਮੇ ਦਾ ਰਾਹ ਅਖਤਿਆਰ ਕਰਨਾ ਸਾਬਤ ਕਰਦਾ ਹੈ ਇਹ ਸਰਕਾਰ ਲੋਕਾਂ ਲਈ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ। ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ, ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ ਅਤੇ ਮਿੱਡ-ਡੇਅ-ਮੀਲ ਵਰਕਰਜ਼ ਯੂਨੀਅਨ ਦੀ ਜ਼ਿਲਾ ਪ੍ਰਧਾਨ ਪਿੰਕੀ ਰਾਣੀ ਨੇ ਕਿਹਾ ਕਿ ‘ਆਪ’ ਸਰਕਾਰ ਮਜ਼ਦੂਰਾਂ, ਮੁਲਾਜ਼ਮਾਂ ਤੇ ਮਾਣਭੱਤਾ ਵਰਕਰਾਂ ਦੇ ਮਸਲੇ ਹੱਲ ਕਰਨ ਤੋਂ ਟਾਲਾ ਵੱਟ ਰਹੀ ਹੈ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਇੱਥੇ ਸੁਨਾਮ ਦੀਆਂ ਟਰੇਡ ਯੂਨੀਅਨਾਂ ਵੱਲੋਂ ਮਜ਼ਦੂਰ ਵਿਰੋਧੀ 4 ਲੇਬਰ ਕੋਡ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਰੋਸ਼ ਮੁਜ਼ਾਹਰਾ ਕੀਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਇੱਕਠੇ ਹੋਏ ਸਾਥੀਆਂ ਨੂੰ ਸੰਬੋਧਨ ਕਰਦਿਆਂ ਸੀਟੂ ਆਗੂ ਕਾਮਰੇਡ ਵਰਿੰਦਰ ਕੌਸ਼ਿਕ, ਸੀਟੀਯੂ ਪੰਜਾਬ ਦੇ ਪ੍ਰਧਾਨ ਦੇਵ ਰਾਜ ਵਰਮਾ, ਮੱਖਣ ਸਿੰਘ ਜਖੇਪਲ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰਾਂ ਵੱਲੋਂ ਲੜ ਕੇ ਪ੍ਰਾਪਤ ਕੀਤੇ ਗਏ 29 ਕਿਰਤ ਕਾਨੂੰਨਾਂ ਨੂੰ ਲਾਗੂ ਕਰੇ ਅਤੇ ਮਜ਼ਦੂਰ ਵਿਰੋਧੀ 4 ਲੇਬਰ ਕੋਡ ਰੱਦ ਕਰੇ।
ਐੱਸਡੀਐੱਮ ਨੂੰ ਮੰਗ ਪੱਤਰ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਅੱਜ ਕੇਂਦਰੀ ਟਰੇਡ ਯੂਨੀਅਨਾਂ ਸੱਦੇ ’ਤੇ ਰਾਜਪੁਰਾ ਵਿਚ ਕੇਂਦਰ ਸਰਕਾਰ ਦੀ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿਚ ਸੁਰਿੰਦਰ ਸਿੰਘ, ਅਵਤਾਰ ਸਿੰਘ, ਸੋਹਣ ਸਿੰਘ ਤੇ ਰਾਮ ਕੁਮਾਰ ਦੀ ਅਗਵਾਈ ਹੇਠ ਇੱਕ ਵੱਡਾ ਇੱਕਠ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਲੋਕ ਹਿੱਤ ਕਮੇਟੀ ਦੇ ਆਗੂ ਹਰਿੰਦਰ ਸਿੰਘ ਲਾਖਾ, ਰਘਬੀਰ ਸਿੰਘ ਮੰਡੋਲੀ, ਸੀਟੂ ਆਗੂ ਨਾਇਬ ਸਿੰਘ ਲੋਚਮਾਂ, ਗੁਰਦਰਸ਼ਨ ਸਿੰਘ ਅਤੇ ਸੀਟੂ ਪੰਜਾਬ ਦੇ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਸੰਬੋਧਨ ਕੀਤਾ। ਇਸ ਮਗਰੋਂ ਰੈਲੀ ਕਰਦਿਆਂ ਮਿਨੀ ਸਕੱਤਰੇਤ ਪੁੱਜ ਕੇ ਐੱਸਡੀਐੱਮ ਰਾਜਪੁਰਾ ਰਾਹੀਂ ਕਿਰਤ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ।Advertisement