ਕੇਂਦਰੀ ਗ੍ਰਹਿ ਸਕੱਤਰ ਭਲਕੇ ਕਰ ਸਕਦੇ ਨੇ ਮਨੀਪੁਰ ਦੌਰਾ
ਅਨੀਮੇਸ਼ ਸਿੰਘ
ਨਵੀਂ ਦਿੱਲੀ, 31 ਮਈ
ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ 2 ਜੂਨ ਨੂੰ ਮਨੀਪੁਰ ਦਾ ਦੌਰਾ ਕਰ ਸਕਦੇ ਹਨ, ਜਿੱਥੇ ਲਗਪਗ ਦੋ ਹਫ਼ਤੇ ਪਹਿਲਾਂ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਇੱਕ ਬੱਸ ਤੋਂ ਮਨੀਪੁਰ ਸ਼ਬਦ ਮਿਟਾਉਣ ਦੀ ਘਟਨਾ ਨੂੰ ਲੈ ਵੱਡੇ ਪੱਧਰ ’ਤੇ ਪ੍ਰਦਰਸ਼ਨ ਹੋ ਰਹੇ ਹਨ। ਇਹ ਘਟਨਾ 20 ਮਈ ਨੂੰ ਵਾਪਰੀ ਸੀ ਜਦੋਂ ਭਾਰਤੀ ਫੌਜ ਦੀ ਮਹਾਰ ਰੈਜੀਮੈਂਟ ਦੇ ਦਸਤੇ ਨੇ ਗਵਾਲਤਾਬੀ ਵਿੱਚ ਇੱਕ ਨਾਕੇ ’ਤੇ ਬੱਸ ਦੇ ਸ਼ੀਸ਼ੇ ਤੋਂ ਮਨੀਪੁਰ ਸ਼ਬਦ ਜਬਰੀ ਹਟਾ ਦਿੱਤਾ ਸੀ। ਬੱਸ ਵਿੱਚ ਮੀਡੀਆ ਕਰਮੀ ਸਵਾਰ ਸਨ ਜੋ ਸ਼ਿਰੂਈ ਲਿਲੀ ਫੈਸਟੀਵਲ ਦੀ ਕਵਰੇਜ ਲਈ ਜਾ ਰਹੇ ਸਨ। ਹਾਲਾਂਕਿ ਗ੍ਰਹਿ ਸਕੱਤਰ ਦੇ ਦੌਰੇ ਦੀ ਹਾਲੇ ਪੁਸ਼ਟੀ ਨਹੀਂ ਹੋਈ ਪਰ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ 2 ਜੂਨ ਨੂੰ ਇੰਫਾਲ ਪਹੁੰਚਣ ਦੀ ਸੰਭਾਵਨਾ ਹੈ। ਜੇਕਰ ਗੋਵਿੰਦ ਮੋਹਨ ਉਥੇ ਪਹੁੰਚਦੇ ਹਨ ਤਾਂ ਇਹ ਦੌਰਾ ਅਜਿਹੇ ਸਮੇਂ ਹੋਵੇਗਾ ਜਦੋਂ ਮਨੀਪੁਰ ਦੇ ਕਈ ਹਿੱਸੇ ’ਚ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਮਾਰ ਹੇੇਠ ਹਨ ਅਤੇ ਆਸਾਮ ਰਾਈਫਲਜ਼, ਸੂਬਾ ਪ੍ਰਸ਼ਾਸਨ ਨਾਲ ਰਾਹਤ ਕਾਰਜਾਂ ’ਚ ਜੁਟੀ ਹੋਈ ਹੈ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਸਕੱਤਰ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈ ਸਕਦੇ ਹਨ ਤੇ ਕਾਂਗਪੋਕਪੀ ਵਰਗੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕਰਨਗੇ। ਉਨ੍ਹਾਂ ਦਾ ਇਹ ਦੌਰਾ ਜੇਕਰ ਇਸ ਪੁਸ਼ਟੀ ਹੁੰਦੀ ਹੈ ਤਾਂ, 26 ਮਈ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਇੰਫਾਲ ਹਵਾਈ ਅੱਡੇ ਵਾਲੀ ਸੜਕ ਰੋਕਣ ਦੀ ਘਟਨਾ ਜਿਸ ਕਾਰਨ ਰਾਜਪਾਲ ਏ.ਕੇ. ਭੱਲਾ ਨੂੰ ਮਸਾਂ ਸੱਤ ਕਿਲੋਮੀਟਰ ਦੂਰ ਸਥਿਤ ਰਾਜ ਭਵਨ ਤੱਕ ਜਾਣ ਲਈ ਹੈਲੀਕਾਪਟਰ ਮੰਗਵਾਉਣਾ ਪਿਆ ਸੀ।