ਕੂੜੇ ਦਾ ਤੀਜਾ ਡੰਪ ਜਲਦੀ ਸਮੇਟਿਆ ਜਾਵੇਗਾ: ਬਬਲਾ
ਚੰਡੀਗੜ੍ਹ, 12 ਜੂਨ
ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਅੱਜ ਚੰਡੀਗੜ੍ਹ ਦੇ ਵਿਰਾਸਤੀ ਰਹਿੰਦ-ਖੂੰਹਦ ਨੂੰ ਖਤਮ ਕਰਨ ਦੇ ਮਿਸ਼ਨ ਵਿੱਚ ਸ਼ਾਨਦਾਰ ਪ੍ਰਗਤੀ ਦਾ ਐਲਾਨ ਕੀਤਾ।
ਉਨ੍ਹਾਂ ਦੱਸਿਆ ਕਿ ਡੰਪ-1 ਅਤੇ ਡੰਪ-2 ਨੂੰ ਪਹਿਲਾਂ ਹੀ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਗਿਆ ਹੈ, ਜੋ ਕਿ ਸ਼ਹਿਰ ਦੇ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਵਿੱਚ ਇੱਕ ਵੱਡਾ ਮੀਲ ਪੱਥਰ ਹੈ।
ਉਨ੍ਹਾਂ ਦੱਸਿਆ ਕਿ 5 ਲੱਖ ਮੀਟਰਕ ਟਨ ਰਹਿੰਦ-ਖੂੰਹਦ ਵਾਲੇ ਡੰਪ-1 ਨੂੰ 39 ਮਹੀਨਿਆਂ ਦੇ ਟੀਚੇ ਦੇ ਅੰਦਰ 12,820 ਮੀਟਰਕ ਟਨ ਪ੍ਰਤੀ ਮਹੀਨਾ ਦੀ ਦਰ ਨਾਲ ਸਾਫ਼ ਕੀਤਾ ਗਿਆ। ਇਸੇ ਤਰ੍ਹਾਂ 8 ਲੱਖ ਮੀਟਰਕ ਟਨ ਵਾਲੇ ਡੰਪ-2 ਨੂੰ 26 ਮਹੀਨਿਆਂ ਵਿੱਚ 30770 ਮੀਟਰਕ ਪ੍ਰਤੀ ਮਹੀਨਾ ਦੀ ਦਰ ਨਾਲ ਸਾਫ਼ ਕੀਤਾ ਗਿਆ।
ਡੰਪ-3 ਬਾਰੇ ਗੱਲ ਕਰਦਿਆਂ ਮੇਅਰ ਬਬਲਾ ਨੇ ਕਿਹਾ ਕਿ ਉਨ੍ਹਾਂ ਦੇ ਅਹੁਦਾ ਸੰਭਾਲਣ ਵੇਲੇ ਕੂੜੇ ਦੀ ਪ੍ਰਕਿਰਿਆ ਸਿਰਫ 9,000 ਮੀਟਰਕ ਟਨ ਪ੍ਰਤੀ ਮਹੀਨਾ ਦੀ ਬੜੀ ਮੱਠੀ ਰਫ਼ਤਾਰ ਨਾਲ ਕੀਤੀ ਜਾ ਰਹੀ ਸੀ। ਇਸ ਡੰਪ-3 ਦੀ ਸਫ਼ਾਈ ਨੂੰ ਤੇਜ਼ ਕਰਨ ਲਈ ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ 12 ਕਰੋੜ ਦਾ ਪ੍ਰਬੰਧ ਕੀਤਾ। ਦੋ ਏਜੰਸੀਆਂ ਵੀ ਲਿਆਂਦੀਆਂ, ਜਿਸ ਨਾਲ ਪ੍ਰੋਸੈਸਿੰਗ ਦੀ ਗਤੀ 50,000 ਮੀਟਰਕ ਟਨ ਪ੍ਰਤੀ ਮਹੀਨਾ ਹੋ ਗਈ।
ਮੇਅਰ ਬਬਲਾ ਨੇ ਕਿਹਾ ਕਿ ਉਹ ਆਪਣੇ ਕਾਰਜਕਾਲ ਦੇ ਅੰਦਰ-ਅੰਦਰ ਇਹ ਡੰਪ-3 ਸਾਫ਼ ਕਰਵਾਉਣ ਲਈ ਵਚਨਬੱਧ ਹਨ। ਇਸ ਕੰਮ ਵਾਸਤੇ ਉਹ ਨਿੱਜੀ ਤੌਰ ’ਤੇ ਨਗਰ ਨਿਗਮ ਦਫ਼ਤਰ ਤੋਂ ਨਿਯਮਿਤ ਨਿਰੀਖਣਾਂ ਨਾਲ ਪ੍ਰਗਤੀ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਚੰਡੀਗੜ੍ਹ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਕੋਈ ਨਵਾਂ ਕੂੜਾ ਡੰਪ ਨਹੀਂ ਬਣਾਇਆ ਜਾਵੇਗਾ।