ਕੁੱਟਮਾਰ ਮਾਮਲਾ: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪੁਲੀਸ ਚੌਕੀ ਅੱਗੇ ਧਰਨਾ
ਬੀਰਬਲ ਰਿਸ਼ੀ
ਸ਼ੇਰਪੁਰ/ਧੂਰੀ, 6 ਜਨਵਰੀ
ਪਿੰਡ ਮੂਲੋਵਾਲ ਦੇ ਇੱਕ ਮਜ਼ਦੂਰ ਦੀ ਕੁੱਟਮਾਰ ਮਾਮਲੇ ’ਚ ਪੁਲੀਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਅੱਜ ਰਣੀਕੇ ਚੌਕੀ ਅੱਗੇ ਧਰਨਾ ਦਿੱਤਾ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਆਗੂ ਸਿੰਗਾਰਾ ਸਿੰਘ ਹੇੜੀਕੇ ਅਤੇ ਜਗਤਾਰ ਸਿੰਘ ਤੋਲੇਵਾਲ ਨੇ ਦੱਸਿਆ ਕਿ ਪਿੰਡ ਮੂਲੋਵਾਲ ਦੇ ਮਜ਼ਦੂਰ ਬਲਵੰਤ ਸਿੰਘ ਨੇ ਪਿੰਡ ਦੇ ਇੱਕ ਧਾਰਮਿਕ ਸਥਾਨ ਦੀ ਜਗ੍ਹਾ ਠੇਕੇ ’ਤੇ ਲਈ ਸੀ ਜਿਸ ਦਾ ਠੇਕਾ ਉਸ ਨੇ ਪਿੰਡ ਦੇ ਪੰਚਾਇਤੀ ਨੁੰਮਾਇੰਦੇ ਦੇ ਸਪੁਰਦ ਕਰ ਦਿੱਤਾ ਪਰ ਇਸ ਮਾਮਲੇ ’ਤੇ ਪਿੰਡ ਇੱਕ ਵਿਅਕਤੀ ਨੇ ਇਹ ਠੇਕਾ ਉਸ ਨੂੰ ਨਾ ਦੇਣ ’ਤੇ ਮਜ਼ਦੂਰ ਦੀ ਕੁੱਟਮਾਰ ਕਰਦਿਆਂ ਕਥਿਤ ਜਾਤੀਸੂਚਕ ਸ਼ਬਦ ਵਰਤੇ। ਲੰਘੀ 30 ਨਵੰਬਰ ਨੂੰ ਮਜ਼ਦੂਰ ਨੂੰ ਸਰਕਾਰੀ ਹਸਪਤਾਲ ਦਾਖਲ ਰੱਖਣ ਦੇ ਬਾਵਜੂਦ ਪੁਲੀਸ ਵੱਲੋਂ ਕਾਰਵਾਈ ਨਾ ਕਰਨ ਵਿਰੁੱਧ ਜਥੇਬੰਦੀ ਦੇ ਕਨਵੀਨਰ ਮੁਕੇਸ਼ ਮਲੌਦ ਦੀ ਅਗਵਾਈ ਹੇਠ ਵਫ਼ਦ ਨੇ ਲੰਘੀ 13 ਦਸੰਬਰ ਨੂੰ ਐੱਸਐੱਸਪੀ ਦੇ ਧਿਆਨ ’ਚ ਮਾਮਲਾ ਲਿਆਂਦਾ ਪਰ ਪੁਲੀਸ ਨੇ ਠੋਸ ਕਾਰਵਾਈ ਨਹੀਂ ਕੀਤੀ। ਆਗੂਆਂ ਨੇ ਐੱਫਆਈਆਰ ਦੀ ਕਾਪੀ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਵਿੱਚ ਐੱਸਸੀ/ਐੱਸਈ ਐਕਟ ਦੀ ਧਾਰਾ ਨੂੰ ਨਹੀਂ ਲਗਾਇਆ ਗਿਆ ਪਰ ਫਿਰ ਵੀ ਉਹ ਹਾਲ ਦੀ ਘੜੀ ਆਪਣਾ ਸੰਘਰਸ਼ ਮੁਲਤਵੀ ਕਰ ਰਹੇ ਹਨ।
ਪੁਲੀਸ ਨੇ ਦੋਸ਼ ਨਕਾਰੇ
ਰਣੀਕੇ ਚੌਕੀ ਇੰਚਾਰਜ ਓਂਕਾਰ ਸਿੰਘ ਨੇ ਕਿਹਾ ਕਿ ਕਾਰਵਾਈ ਦੇਰੀ ਨਾਲ ਨਹੀਂ ਸਗੋਂ ਪੜਤਾਲ ਅਧੀਨ ਸੀ। ਅੱਜ ਚੌਕੀ ਆਏ ਮਜ਼ਦੂਰਾਂ ਨੂੰ ਤੁਰੰਤ ਐਫਆਈਆਰ ਦੀ ਕਾਪੀ ਸੌਂਪਣ ਮਗਰੋਂ ਉਹ ਚਲੇ ਗਏ ਸਨ। ਐੱਸਸੀ/ਐੱਸਟੀ ਐਕਟ ਸਬੰਧੀ ਧਾਰਾ ਨਾ ਲਗਾਏ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਕਾਰਵਾਈ ਡੀਐੱਸਪੀ ਧੂਰੀ ਕੋਲ ਪੜਤਾਲ ਅਧੀਨ ਹੈ।