ਕੁੱਟਮਾਰ ਮਾਮਲਾ: ਕਿਸਾਨਾਂ ਵੱਲੋਂ ਥਾਣੇ ਅੱਗੇ ਧਰਨੇ ਲਈ ਵਿਉਂਤਬੰਦੀ
ਬੀਰਬਲ ਰਿਸ਼ੀ
ਧੂਰੀ/ਸ਼ੇਰਪੁਰ, 10 ਜਨਵਰੀ
ਪਿੰਡ ਮਾਹਮਦਪੁਰ ਦੇ ਸਕੂਲ ਵਿੱਚ ਪੜ੍ਹਾਉਂਦੇ ਅਧਿਆਪਕ ਦੀ ਕੁੱਟਮਾਰ ਮਾਮਲੇ ’ਚ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਗੁਰਦੁਆਰਾ ਸਾਹਿਬ ਜਹਾਂਗੀਰ ਵਿੱਚ ਹੋਈ ਜਿਸ ਵਿੱਚ ਥਾਣਾ ਸ਼ੇਰਪੁਰ ਅੱਗੇ 15 ਜਨਵਰੀ ਨੂੰ ਲਗਾਏ ਜਾ ਰਹੇ ਧਰਨੇ ਦੀਆਂ ਤਿਆਰੀਆਂ ਸਬੰਧੀ ਵਿਉਂਤਬੰਦੀ ਕੀਤੀ ਗਈ। ਮੀਟਿੰਗ ’ਚ ਸ਼ਾਮਲ ਕੁੱਲ-ਹਿੰਦ ਕਿਸਾਨ ਸਭਾ ਦੇ ਕਾਮਰੇਡ ਮੇਜਰ ਸਿੰਘ ਪੁੰਨਾਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਬੀਕੇਯੂ ਰਾਜੇਵਾਲ ਦੇ ਬਲਾਕ ਪ੍ਰਧਾਨ ਪ੍ਰੀਤਮ ਸਿੰਘ ਬਾਦਸ਼ਾਹਪੁਰ, ਕਿਸਾਨ ਆਗੂ ਅਮਰੀਕ ਸਿੰਘ ਕਾਂਝਲਾ, ਚਮਕੌਰ ਸਿੰਘ ਕੁਠਾਲਾ ਅਤੇ ਦਰਸ਼ਨ ਸਿੰਘ ਸਮੇਤ ਚੋਣਵੇਂ ਕਿਸਾਨਾਂ ਨੇ ਫੈਸਲਾ ਕੀਤਾ ਕਿ 11 ਜਨਵਰੀ ਤੋਂ ਧੂਰੀ ਤੇ ਸ਼ੇਰਪੁਰ ਦੇ ਪਿੰਡਾਂ ਵਿੱਚ ਕਿਸਾਨਾਂ ਦੀ ਲਾਮਬੰਦੀ ਲਈ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਮੋਰਚੇ ’ਚ ਸ਼ਾਮਲ ਹੋਰ ਕਿਸਾਨ ਧਿਰਾਂ ਦੇ ਆਗੂਆਂ ਨਾਲ ਵੀ ਸੰਪਰਕ ਕੀਤਾ ਜਾਵੇਗਾ। ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਕਈ ਮਹੀਨੇ ਪਹਿਲਾਂ ਮਾਹਮਦਪੁਰ ਸਕੂਲ ’ਚ ਪੜ੍ਹਾਉਂਦੇ ਅਧਿਆਪਕ ਜਗਜੀਤ ਸਿੰਘ ਦੀ ਕੁੱਟਮਾਰ ਮਾਮਲੇ ਵਿੱਚ ਪੁਲੀਸ ਕਾਰਵਾਈ ਤੋਂ ਅਸੰਤੁਸ਼ਟ ਮਿਲਣ ਗਏ ਕਿਸਾਨ ਵਫ਼ਦ ਨਾਲ ਐਸਐੱਸਓ ਵੱਲੋਂ ਗੱਲਬਾਤ ਨਾ ਕਰਕੇ ਕਥਿਤ ਦੁਰ-ਵਿਹਾਰ ਕੀਤਾ। ਐੱਸਐੱਚਓ ਸ਼ੇਰਪੁਰ ਕਿਸਾਨਾਂ ਦੇ ਦੋਸ਼ਾਂ ਨੂੰ ਪਹਿਲਾਂ ਹੀ ਮੁੱਢ ਤੋਂ ਨਕਾਰ ਚੁੱਕੇ ਹਨ।