ਕੁੱਟਮਾਰ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ
ਪੱਤਰ ਪ੍ਰੇਰਕ
ਲਹਿਰਾਗਾਗਾ, 17 ਜੂਨ
ਪਿੰਡ ਗਾਗਾ ਦੇ ਬਲਕਾਰ ਸਿੰਘ ਵਾਸੀ ਗਾਗਾ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਗੱਗੀ ਸਿੰਘ, ਸੀਪੂ ਸਿੰਘ ਤੇ ਭਜਨ ਵਾਸੀਆਂ ਕਿਸ਼ਨਗੜ੍ਹ ਥਾਣਾ ਬਰੇਟਾ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਬਲਕਾਰ ਸਿੰਘ ਨੇ ਸਦਰ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਉਹ ਆਪਣੇ ਟਰੈਕਟਰ ਟਰਾਲੀ ਤੇ ਮਿੱਟੀ ਢੋਆ ਢੁਆਈ ਦਾ ਕੰਮ ਕਰਦਾ ਹੈ ਜਿਸ ਨੇ ਹੁਣੇ ਆਪਣੇ ਟਰੈਕਟਰ ਟਰਾਲੀ ਹਰਵਿੰਦਰ ਸਿੰਘ ਵਾਸੀ ਲਦਾਲ ਠੇਕੇਦਾਰ ਨਾਲ ਕਿਰਾਏ ’ਤੇ ਲਗਾਇਆ ਹੋਇਆ ਸੀ ਜੋ ਪਿੰਡ ਲਦਾਲ ਵਿੱਚ ਹੀ ਮਿੱਟੀ ਦੀ ਢੋਆ ਢੁਆਈ ਦਾ ਕੰਮ ਕਰਦੇ ਹਨ ਤੇ ਗੱਗੀ ਸਿੰਘ, ਸੀਪੂ ਸਿੰਘ ਅਤੇ ਭਜਨ ਸਿੰਘ ਵਾਸੀ ਕਿਸਨਗੜ੍ਹ ਥਾਣਾ ਬਰੇਟਾ ਜ਼ਿਲਾ ਮਾਨਸਾ ਨੇ ਵੀ ਆਪਣੇ ਟਰੈਕਟਰ ਟਰਾਲੀ ਕਿਰਾਏ ’ਤੇ ਹਰਵਿੰਦਰ ਸਿੰਘ ਪਾਸ ਲਗਾਏ ਹੋਏ ਹਨ। ਜਦੋਂ ਹਰਵਿੰਦਰ ਸਿੰਘ ਠੇਕੇਦਾਰ ਬਾਹਰ ਕਿਸੇ ਕੰਮਕਾਰ ਲਈ ਜਾਂਦਾ ਹੈ ਤਾਂ ਉਹ ਬਲਕਾਰ ਸਿੰਘ ਨੂੰ ਕੰਮਕਾਰ ਦੀ ਨਿਗਰਾਨੀ ਰੱਖਣ ਬਾਰੇ ਕਹਿ ਜਾਂਦਾ ਸੀ ਤੇ ਹੁਣ ਜਦੋਂ ਠੇਕੇਦਾਰ ਕੰਮਕਾਰ ਲਈ ਗਿਆ ਤਾਂ ਉਸ ਨੇ ਉਨ੍ਹਾਂ ਨੂੰ ਵਿਹਲੇ ਬੈਠਣ ਦੀ ਥਾਂ ਕੰਮ ਕਾਰ ਕਰਨ ਲਈ ਕਿਹਾ। ਇਸ ਤੋਂ ਤੈਸ਼ ਵਿਚ ਆ ਕੇ ਉਨ੍ਹਾਂ ਨੇ ਉਸ ਨੂੰ ਘੇਰ ਲਿਆ ਤੇ ਕੁੱਟਮਾਰ ਕੀਤੀ। ਐਸ ਐਚ ਓ ਸਦਰ ਕਰਮਜੀਤ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।