ਕੁਲਰੀਆਂ ਵਿਵਾਦਤ ਜ਼ਮੀਨ: ਕਿਸਾਨ ਜਥੇਬੰਦੀ ਵੱਲੋਂ ਬੀਡੀਪੀਓ ਦਫ਼ਤਰ ਦੇ ਘਿਰਾਓ ਦਾ ਐਲਾਨ
ਪੱਤਰ ਪ੍ਰੇਰਕ
ਮਾਨਸਾ, 25 ਮਈ
ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੇ ਵਿਵਾਦਤ ਜ਼ਮੀਨ ਮਾਮਲੇ ਮਾਮਲੇ ’ਚ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ 4 ਜੂਨ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਬੁਢਲਾਡਾ ਅੱਗੇ ਰੋਹ ਭਰਪੂਰ ਧਰਨਾ ਦੇਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਇਥੇ ਹੋਏ ਇਕੱਠ ਦੌਰਾਨ ਜਥੇਬੰਦੀ ਦੇ ਸੂਬਾ ਆਗੂ ਕੁਲਵੰਤ ਸਿੰਘ ਕ੍ਰਿਸ਼ਨਗੜ੍ਹ ਨੇ ਦੱਸਿਆ ਕਿ ਪਿੰਡ ਕੁਲਰੀਆਂ ਵਿੱਚ ਜੁਮਲਾ ਮੁਸਤਰਕਾ ਮਾਲਕਾਂ ਜ਼ਮੀਨ ਉੱਪਰ ਕਈ ਦਹਾਕਿਆਂ ਤੋਂ ਕਾਸ਼ਤ ਕਰਦੇ ਆ ਰਹੇ ਹਨ, ਜੋ ਮੁਰੱਬੇਬੰਦੀ ਵਿਭਾਗ ਵੱਲੋਂ ਕਿਸਾਨਾਂ ਨੂੰ ਸੌਂਪੀ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ ਦੋ ਸਾਲਾਂ ਤੋਂ ਕਿਸਾਨਾਂ ਨੂੰ ਜ਼ਮੀਨ ਵਿੱਚੋਂ ਬੇਦਖ਼ਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਵਿਭਾਗ ਦੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਸਿਆਸੀ ਦਬਾਅ ਹੇਠ ਪੰਚਾਇਤ ਰਾਹੀਂ ਕਿਸਾਨਾਂ ’ਤੇ ਜ਼ਮੀਨ ਵਿੱਚੋਂ ਪੈਦਾ ਕੀਤੀ ਫ਼ਸਲ ਦੀ ਆਮਦਨ ਵਾਪਸ ਕਰਾਉਣਾ ਚਾਹੁੰਦੇ ਹਨ ਅਤੇ ਧੱਕੇ ਨਾਲ ਫ਼ਸਲ ਦੀ ਕਟਾਈ ਲਈ ਰਸੀਵਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਾਸ਼ਤਕਾਰਾਂ ਕਿਸਾਨਾਂ ਨੂੰ ਜ਼ਮੀਨ ਦਾ ਮਾਲਕੀ ਹੱਕ ਨਾ ਦਿੱਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਦਰਸ਼ਨ ਸਿੰਘ ਗੁਰਨੇ ਬਲਦੇਵ ਸਿੰਘ, ਮੱਖਣ ਸਿੰਘ ਭੈਣੀਬਾਘਾ, ਤਾਰਾ ਚੰਦ ਬਰੇਟਾ, ਦੇਵੀਰਾਮ ਰੰਘੜਿਆਲ, ਗੁਰਜੰਟ ਸਿੰਘ ਮਘਾਣੀਆ, ਮੇਲਾ ਸਿੰਘ ਦਿਆਲਪੁਰਾ, ਜਗਜੀਵਨ ਸਿੰਘ ਹਸਨਪੁਰ ਨੇ ਵੀ ਸੰਬੋਧਨ ਕੀਤਾ।