ਕੁਲਫੀਆਂ ਤੋਂ ਕੋਠੀਆਂ ਤੱਕ
ਸਿਆਣੇ ਆਖਦੇ ਨੇ: ਉੱਦਮ ਅੱਗੇ ਲੱਛਮੀ ਜਿਵੇਂ ਪੱਖੇ ਅੱਗੇ ਪੌਣ... ਹਿੰਮਤੀ ਤੇ ਮਿਹਨਤੀ ਬੰਦੇ ਨੂੰ ਸੌ ਹਮਾਇਤਾਂ ਮਿਲ ਜਾਂਦੀਆਂ। ਵੀਹ ਕੁ ਸਾਲ ਪਹਿਲਾਂ ਘਰ ਬਣਾਇਆ। ਨਵੇਂ ਘਰ ਦਾ ਕੰਮ ਤਕਰੀਬਨ ਨਿਬੜ ਹੀ ਗਿਆ ਸੀ, ਕਮਰਿਆਂ ਦੇ ਫਰਸ਼ ਹੀ ਪਾਉਣ ਨੂੰ ਰਹਿੰਦੇ ਸਨ। ਆਪਣੇ ਇੱਕ ਜਾਣਕਾਰ ਸੱਜਣ ਨਾਲ ਗੱਲ ਕੀਤੀ।
ਦੂਜੇ ਦਿਨ ਸਵੇਰੇ 20 ਕੁ ਸਾਲ ਦਾ ਚੁਸਤ ਲੜਕਾ ਸਾਈਕਲ ’ਤੇ ਘਰ ਆ ਗਿਆ। ਜਾਣਕਾਰ ਮੁਤਾਬਿਕ, ਇਹ ਮੁੰਡਾ ਬਹੁਤ ਮਿਹਨਤੀ ਤੇ ਵਧੀਆ ਫਰਸ਼ ਪਾਉਣ ਵਾਲਾ ਸੀ। ਮੁੰਡੇ ਨੇ ਆਪਣਾ ਨਾਂ ਰਮੇਸ਼ ਦੱਸਿਆ। ਕਾਰੀਗਰ ਮੁੰਡੇ ਨੇ ਸੱਚਮੁੱਚ ਥੋੜ੍ਹੇ ਹੀ ਦਿਨਾਂ ਵਿੱਚ ਸਾਰੇ ਕਮਰਿਆਂ ਵਿੱਚ ਵਧੀਆ ਫਰਸ਼ ਪਾ ਦਿੱਤੇ। ਡਰਾਇੰਗ ਰੂਸ ਦਾ ਫਰਸ਼ ਹੋਰ ਵੀ ਵਧੀਆ ਢੰਗ ਨਾਲ ਪਾਇਆ। ਇਸ ਫਰਸ਼ ਵਿੱਚ ਅਜਿਹੇ ਰੰਗ ਭਰੇ, ਪਈ ਕਮਾਲ ਹੀ ਕਰ ਦਿੱਤੀ। ਇਸ ਫਰਸ਼ ਨੂੰ ਉਹਨੇ ਗਲੀਚੇ ਦਾ ਨਾਮ ਦਿੱਤਾ। ਫਰਸ਼ ਦੇਖ ਕੇ ਇਉਂ ਲੱਗਦਾ ਸੀ ਜਿਵੇਂ ਕਸ਼ਮੀਰੀ ਗਲੀਚਾ ਵਿਛਿਆ ਹੋਵੇ। ਅੱਜ ਵੀ ਘਰ ਦੇ ਡਰਾਇੰਗ ਰੂਮ ਦਾ ਉਹ ਫਰਸ਼ ਉਸੇ ਤਰ੍ਹਾਂ ਚਮਕਦਾ ਏ ਜਿਵੇਂ ਅੱਜ ਹੀ ਬਣਾਇਆ ਹੋਵੇ।
ਖ਼ੈਰ! ਰਮੇਸ਼ ਦੀ ਮਿਹਨਤ ਤੇ ਲਗਨ ਰੰਗ ਲਿਆਈ, ਉਹਦਾ ਕੰਮ ਹੋਰ ਵਧ ਗਿਆ। ਹੁਣ ਉਹ ਠੇਕੇਦਾਰ ਬਣਾ ਗਿਆ ਸੀ। ਉਸ ਕੋਲ ਦੋ ਤਿੰਨ ਜਣੇ ਹੋਰ ਕੰਮ ਕਰਨ ਵਾਲੇ ਆ ਗਏ ਸਨ। ਸ਼ਹਿਰ ਵਿੱਚ ਜਿਹੜਾ ਵੀ ਨਵਾਂ ਘਰ ਬਣਦਾ, ਉਸ ਦੇ ਫਰਸ਼ ਪਾਉਣ ਦਾ ਕੰਮ ਰਮੇਸ਼ ਨੂੰ ਹੀ ਮਿਲਦਾ। ਛੇਤੀ ਹੀ ਉਹਨੇ ਨਵਾਂ ਮੋਟਰਸਾਈਕਲ ਖਰੀਦ ਲਿਆ।
ਇਸੇ ਤਰ੍ਹਾਂ ਕੁਝ ਸਾਲ ਪਹਿਲਾਂ ਬਿਹਾਰ ਤੋਂ ਇੱਕ ਨੌਜਵਾਨ ਪੰਜਾਬ ਆਇਆ ਸੀ। ਪਹਿਲਾਂ ਉਹ ਕੁਲਫ਼ੀਆਂ ਵੇਚਦਾ ਰਿਹਾ, ਬੱਚਿਆਂ ਵਾਸਤੇ ਗੁਬਾਰੇ ਵੀ ਵੇਚਦਾ ਰਿਹਾ, ਫਿਰ ਉਹ ਕਿਸੇ ਮਿਸਤਰੀ ਕੋਲ ਮਜ਼ਦੂਰੀ ਕਰਨ ਲੱਗਾ। ਮਿਹਨਤ ਦੇ ਨਾਲ-ਨਾਲ ਉਹਨੂੰ ਨਵਾਂ ਕੰਮ ਸਿੱਖਣ ਦੀ ਲਗਨ ਵੀ ਸੀ। ਉਹਨੇ ਉਸੇ ਮਿਸਤਰੀ ਕੋਲ ਮਜ਼ਦੂਰ ਦਾ ਕੰਮ ਕਰਦਿਆਂ ਹੀ ਰਾਜਗਿਰੀ ਦਾ ਕੰਮ ਸਿੱਖ ਲਿਆ। ਅੱਜ ਹੋਰ, ਕੱਲ੍ਹ ਹੋਰ... ਰਾਜੂ ਵਧੀਆ ਮਿਸਤਰੀ ਬਣ ਗਿਆ। ਉਹਨੇ ਅੱਗੇ ਹੋਰ ਮਿਸਤਰੀ ਕੰਮ ’ਤੇ ਰੱਖ ਲਏ ਤੇ ਆਪ ਠੇਕੇਦਾਰ ਬਣ ਗਿਆ। ਫਿਰ ਉਹ ਕੋਠੀਆਂ ਬਣਾਉਣ ਦੇ ਠੇਕੇ ਲੈਣ ਲੱਗ ਪਿਆ, ਮੋਟੀ ਕਮਾਈ ਹੋਣ ਲੱਗੀ। ਹੌਲੀ-ਹੌਲੀ ਉਹਨੇ ਆਪਣੇ ਰਹਿਣ ਵਾਸਤੇ ਵੀ ਕੋਠੀ ਬਣਾ ਲਈ। ਸ਼ਾਦੀ ਵੀ ਹੋ ਗਈ। ਰਾਮੂ ਤੋਂ ਉਹ ਰਾਮ ਚੰਦ ਠੇਕੇਦਾਰ ਬਣ ਗਿਆ।
ਇਸੇ ਤਰ੍ਹਾਂ ਮੇਰੇ ਛੋਟੇ ਜਿਹੇ ਸ਼ਹਿਰ ਵਿੱਚ ਯੂਪੀ ਤੋਂ ਪਤੀ-ਪਤਨੀ ਆ ਕੇ ਰਹਿਣ ਲੱਗੇ। ਉਸ ਬੰਦੇ ਦਾ ਨਾਂ ਕਿਸ਼ੋਰੀ ਲਾਲ ਸੀ। ਦੋਵੇਂ ਬਹੁਤ ਮਿਹਨਤੀ ਤੇ ਸਿਆਣੇ ਸਨ। ਉਨ੍ਹਾਂ ਨੂੰ ਮਿਹਨਤ ਅਤੇ ਕਿਰਤ ਦੀ ਕੀਮਤ ਦਾ ਪਤਾ ਸੀ। ਉਨ੍ਹਾਂ ਸ਼ਹਿਰ ਦੇ ਬਾਜ਼ਾਰ ਵਿੱਚ ਛੋਟੀ ਜਿਹੀ ਦੁਕਾਨ ਕਿਰਾਏ ’ਤੇ ਲੈ ਲਈ ਅਤੇ ਬੱਚਿਆਂ ਦੇ ਖਿਡਾਉਣੇ ਵੇਚਣ ਲੱਗੇ। ਪਹਿਲਾਂ ਤੇ ਥੋੜ੍ਹਾ ਸਮਾਂ ਉਨ੍ਹਾਂ ਦਾ ਕੰਮ ਥੋੜ੍ਹਾ ਮੱਧਮ ਰਿਹਾ ਪਰ ਹੌਲੀ-ਹੌਲੀ ਕੰਮ ਚੱਲ ਪਿਆ।
ਚੰਗੀ ਕਮਾਈ ਹੋਣ ਕਰ ਕੇ ਉਨ੍ਹਾਂ ਬਾਜ਼ਾਰ ਵਾਲੀ ਦੁਕਾਨ ਮੁੱਲ ਖਰੀਦ ਲਈ ਅਤੇ ਆਪਣਾ ਕਾਰੋਬਾਰ ਹੋਰ ਵਧਾ ਲਿਆ। ਕਿਸ਼ੋਰੀ ਲਾਲ ਦੇ ਦੋਵੇਂ ਮੁੰਡੇ ਵੀ ਵੱਡੇ ਹੋ ਗਏ ਸਨ। ਉਹ ਵੀ ਆਪਣੇ ਮਾਤਾ-ਪਿਤਾ ਨਾਲ ਕਾਰੋਬਾਰ ਵਿੱਚ ਸਹਾਇਤਾ ਕਰਾਉਣ ਲੱਗੇ। ਹੁਣ ਉਨ੍ਹਾਂ ਬਾਜ਼ਾਰ ਵਾਲੀ ਦੁਕਾਨ ਵੇਚ ਕੇ ਬੱਸ ਅੱਡੇ ਨੇੜੇ ਵੱਡੀ ਦੁਕਾਨ ਖਰੀਦ ਲਈ। ਉਨ੍ਹਾਂ ਆਪਣਾ ਕਾਰੋਬਾਰ ਵਧਾਉਣ ਵਾਸਤੇ ਫੋਰ ਵ੍ਹੀਲਰ ਵੀ ਖਰੀਦ ਲਿਆ। ਉਹ ਆਪਣਾ ਫੋਰ ਵ੍ਹੀਲਰ ਖਿਡੌਣਿਆਂ ਨਾਲ ਭਰ ਕੇ ਨੇੜਲੇ ਧਾਰਮਿਕ ਸਥਾਨਾਂ ’ਤੇ ਜਾਂਦੇ। ਉੱਥੇ ਸੜਕ ਕਿਨਾਰੇ ਆਪਣੀ ਦੁਕਾਨ ਸਜਾ ਕੇ ਖਿਡੌਣੇ ਵੇਚਦੇ ਅਤੇ ਮੋਟੀ ਕਮਾਈ ਕਰਦੇ। ਕੁਝ ਸਾਲਾਂ ਦੇ ਅੰਦਰ ਹੀ ਉਨ੍ਹਾਂ ਸ਼ਹਿਰ ਦੇ ਬਾਹਰ ਬਣੀ ਨਵੀਂ ਕਲੋਨੀਂ ਵਿੱਚ ਪਲਾਟ ਖਰੀਦ ਲਿਆ। ਕੁਝ ਸਮੇਂ ਬਾਅਦ ਉੱਥੇ ਘਰ ਵੀ ਬਣਾ ਲਿਆ। ਦੋਵੇਂ ਪੁੱਤਰਾਂ ਦੀ ਸ਼ਾਦੀ ਵੀ ਹੋ ਗਈ। ਉਨ੍ਹਾਂ ਦੀ ਸੱਚੀ ਕਿਰਤ ਅਤੇ ਮਿਹਨਤ ਨੇ ਪਰਿਵਾਰ ਦੀ ਕਾਇਆ ਕਲਪ ਕਰ ਦਿੱਤੀ ਸੀ।
ਬਾਹਰਲੇ ਰਾਜਾਂ ਤੋਂ ਪੰਜਾਬ ਵਿੱਚ ਆਏ ਇਨ੍ਹਾਂ ਕਿਰਤੀਆਂ ਬਾਰੇ ਜਾਣ ਕੇ ਜਦੋਂ ਅਸੀਂ ਆਪਣੇ ਪੰਜਾਬੀਆਂ ਬਾਰੇ ਸੋਚਦੇ ਆਂ ਤਾਂ ਪ੍ਰੇਸ਼ਾਨੀ ਹੀ ਹੁੰਦੀ ਹੈ। ਲੱਖਾਂ ਰੁਪਏ ਲਾ ਕੇ ਬਾਹਰ ਜਾਣ ਵਾਲੇ ਮੁੰਡੇ ਜੇ ਉਸ ਪੈਸੇ ਨਾਲ ਪੰਜਾਬ ਵਿੱਚ ਹੀ ਕੋਈ ਕੰਮ ਕਰ ਲੈਣ ਤਾਂ ਕਿੰਨੀ ਚੰਗੀ ਗੱਲ ਹੋਵੇ... ਪਰ ਸਾਡੇ ਨੌਜਵਾਨ ਇਹ ਗੱਲ ਸੁਣਨ ਲਈ ਵੀ ਤਿਆਰ ਨਹੀਂ, ਪਈ ਪੰਜਾਬ ਵਿੱਚ ਵੀ ਕੰਮ ਹੈ...! ਰੁਜ਼ਗਾਰ ਹੈ!!
ਸਿਆਣੇ ਕਹਿੰਦੇ- ਮੱਛੀ ਪੱਥਰ ਚੱਟ ਕੇ ਹੀ ਵਾਪਸ ਮੁੜਦੀ ਏ... ਬਿਲਕੁੱਲ ਅਜਿਹਾ ਵਰਤਾਰਾ ਥੋੜ੍ਹੇ ਦਿਨ ਪਹਿਲਾਂ ਵਾਪਰਿਆ। ਅਮਰੀਕਾ ਨੇ ਸਾਡੇ ਸੈਂਕੜੇ ਨੌਜਵਾਨਾਂ ਨੂੰ ਡਿਪੋਰਟ ਕਰ ਕੇ ਝਟਕਾ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਨੇ ਸ਼ਾਇਦ ਸਪੱਸ਼ਟ ਆਖ ਦਿੱਤਾ ਕਿ ਸਮਝ ਜਾਓ... ਨਹੀਂ ਤਾਂ ਤੁਹਾਡਾ ਹਾਲ ਹੋਰ ਬੁਰਾ ਹੋਵੇਗਾ...।
... ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਜੇ ਪੰਜਾਬ ਤੋਂ ਬਾਹਰੋਂ ਆ ਕੇ ਬੰਦੇ ਕੋਠੀਆਂ ਬਣਾ ਸਕਦੇ, ਤਾਂ ਤੁਸੀਂ ਕਿਉਂ ਨਹੀਂ ਬਣਾ ਸਕਦੇ? ਹੁਣ ਸੋਚਣ ਦਾ ਵੇਲਾ ਨਹੀਂ... ਪਹਿਲਾਂ ਹੀ ਕਾਫ਼ੀ ਦੇਰ ਹੋ ਚੁੱਕੀ ਏ... ਹੁਣ ਉੱਠਣ ਤੇ ਕੰਮ ਕਰਨ ਦਾ ਵੇਲਾ ਏ... ਉੱਠੋ... ਕਮਰ ਕੱਸੋ ਤੇ ਅੱਜ ਹੀ ਮਿਹਨਤ ਤੇ ਕਿਰਤ ਦੇ ਲੜ ਲੱਗ ਜਾਓ... ਸਫਲਤਾ ਤੁਹਾਡੇ ਪੈਰ ਚੁੰਮੇਗੀ...।
ਸੰਪਰਕ: 98552-35424