ਕੁਰਾਲੀ ’ਚ ਵਿਕਾਸ ਕਾਰਜਾਂ ਦੀ ਵਿਜੀਲੈਂਸ ਵੱਲੋਂ ਪੜਤਾਲ
ਮਿਹਰ ਸਿੰਘ
ਕੁਰਾਲੀ, 13 ਦਸੰਬਰ
ਇਥੇ ਵਾਰਡ ਨੰਬਰ-12 ਵਿੱਚ ਗਲ਼ੀਆਂ ਦੇ ਅਧੂਰੇ ਵਿਕਾਸ ਕਾਰਜਾਂ ਦੇ ਬਾਵਜੂਦ ਠੇਕੇਦਾਰ ਨੂੰ ਅਦਾਇਗੀ ਕਰਨ ਅਤੇ ਨਿਰਮਾਣ ’ਚ ਵਰਤੀ ਸਮੱਗਰੀ ਦੇ ਮਾਮਲੇ ’ਚ ਸਥਾਨਕ ਸਰਕਾਰਾਂ ਵਿਭਾਗ ਦੇ ਚੌਕਸੀ ਵਿੰਗ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦੀ ਟੀਮ ਨੇ ਵਾਰਡ ਦਾ ਦੌਰਾ ਕਰ ਕੇ ਵਿਕਾਸ ਕਾਰਜਾਂ ’ਚ ਵਰਤੀ ਸਮੱਗਰੀ ਦੀ ਜਾਂਚ ਕੀਤੀ। ‘ਆਪ’ ਆਗੂਆਂ ਤੇ ਕੌਂਸਲਰਾਂ ਨੇ ਵਾਰਡ ਨੰਬਰ-12 ਦੀਆਂ ਦੋ ਗਲੀਆਂ ਵਿੱਚ ਇੰਟਰਲੌਕ ਟਾਈਲਾਂ ਨਾ ਲਾਉਣ ਤੇ ਕੰਮ ਅਧੂਰਾ ਛੱਡਣ ਦੇ ਬਾਜਵੂਦ ਠੇਕੇਦਾਰ ਦੀ ਅਦਾਇਗੀ ਤੇ ਪੇਸ਼ਗੀ ਰਕਮ ਵਾਪਸ ਕਰਨ ਦਾ ਮਾਮਲਾ ਚੁੱਕਿਆ ਸੀ। ਇਸ ’ਤੇ ਕਾਰਵਾਈ ਕਰਦਿਆਂ ਹੀ ਵਿਜੀਲੈਂਸ ਦੀ ਟੀਮ ਦੇ ਅਧਿਕਾਰੀਆਂ ਨੇ ਸੀਵਰੇਜ ਪੁੱਟ ਕੇ ਪਾਈਪਾਂ ਦੇ ਆਕਾਰ ਤੇ ਮਿਆਰ ਦੀ ਜਾਂਚ ਕੀਤੀ। ਮੈਨਹੋਲਾਂ ਦੀ ਡੂੰਘਾਈ ਤੇ ਵਰਤੀ ਸਮੱਗਰੀ ਦੇ ਨਮੂਨੇ ਵੀ ਲਏ। ਕਲੋਨੀ ਵਾਸੀਆਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਠੇਕੇਦਾਰ ਨੇ ਗਲੀਆਂ ’ਚ ਕੇਵਲ ਸੀਵਰੇਜ ਦੀ ਪਾਈਪ ਪਾਈ ਤੇ ਮੈਨਹੋਲ ਬਣਾਏ ਜਦੋਂਕਿ ਉਨ੍ਹਾਂ ਖ਼ੁਦ ਗਲ਼ੀਆਂ ਨੂੰ ਲੰਘਣ ਯੋਗ ਬਣਾਇਆ ਹੈ। ‘ਆਪ’ ਕੌਂਸਲਰਾਂ ਬਹਾਦਰ ਸਿੰਘ ਓਕੇ, ਨੰਦੀ ਪਾਲ ਬਾਂਸਲ, ਖੁਸ਼ਬੀਰ ਸਿੰਘ ਹੈਪੀ ਤੇ ਡਾ. ਅਸ਼ਵਨੀ ਸ਼ਰਮਾ ਨੇ ਕਿਹਾ ਉਮੀਦ ਹੈ ਕਿ ਸ਼ਹਿਰੀਆਂ ਨੂੰ ਜਲਦੀ ਹੀ ਇਨਸਾਫ਼ ਮਿਲੇਗਾ। ਜਾਂਚ ਅਧਿਕਾਰੀ ਬੀ. ਸ਼ਰਮਾ ਨੇ ਕਿਹਾ ਕਿ ਕੌਂਸਲਰਾਂ ਦੀ ਸ਼ਿਕਾਇਤ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਆਪਣੀ ਧਿਰ ਦੇ ਕੌਂਸਲਰਾਂ ਸਮੇਤ ਪ੍ਰੈੱਸ ਕਾਨਫਰੰਸ ਦੌਰਾਨ ਠੇਕੇਦਾਰ ਤੇ ਅਧਿਕਾਰੀਆਂ ਦੇ ਹੱਕ ਵਿੱਚ ਨਿੱਤਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਨੁਕਸਾਨ ਪਹੁੰਚਾਉਣ ਲਈ ਇਹ ਸਭ ਕੁਝ ਕੀਤਾ ਜਾ ਰਹਾ ਹੈ।