ਕੁਦਰਤ ਨਾਲ ਮੋਹ ਪਾਉਣ ਦਾ ਸੁਨੇਹਾ ਦਿੰਦਾ ਗੁਲਦਾਊਦੀ ਸ਼ੋਅ ਸਮਾਪਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਿਹਾ ਦੋ ਰੋਜ਼ਾ ਗੁਲਦਾਊਦੀ ਸ਼ੋਅ ਅੱਜ ਲੁਧਿਆਣਵੀਆਂ ਨੂੰ ਕੁਦਰਤ ਨਾਲ ਮੋਹ ਕਰਨ ਦਾ ਸੁਨੇਹਾ ਦਿੰਦਾ ਸਮਾਪਤ ਹੋ ਗਿਆ। ਇਹ ਸ਼ੋਅ ਪੀ.ਏ.ਯੂ. ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਨੇ ਅਸਟੇਟ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦੀ ਯਾਦ ਵਿੱਚ ਲਾਇਆ ਗਿਆ। ਇਸ ਸ਼ੋਅ ਦੇ ਦੂਜੇ ਦਿਨ ਵੱਡੀ ਗਿਣਤੀ ਫੁੱਲ ਪ੍ਰੇਮੀਆਂ ਨੇ ਕੁਦਰਤ ਦੀ ਖੂਬਸੂਰਤੀ ਦੇ ਨੇੜਿਓਂ ਦਰਸ਼ਨ ਕੀਤੇ।
ਦੂਜੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀਪੀਐੱਸ ਸੋਢੀ ਨੇ ਕਿਹਾ ਕਿ ਇਹ ਫੁੱਲ ਸੁੰਦਰਤਾ, ਨਿਮਰਤਾ ਅਤੇ ਉਮੀਦ ਦੇ ਪ੍ਰਤੀਕ ਹਨ। ਉਨ੍ਹਾਂ ਇਸ ਸ਼ੋਅ ਪਿੱਛੇ ਕਾਰਜਸ਼ੀਲ ਵਿਗਿਆਨੀਆਂ ਦੇ ਨਾਲ-ਨਾਲ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਵਧਾਈ ਦਿੰਦਿਆਂ ਜੇਤੂਆਂ ਨੂੰ ਇਨਾਮ ਵੰਡੇ। ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਹਰ ਸਾਲ ਲਾਏ ਜਾਂਦੇ ਇਸ ਫਲਾਵਰ ਸ਼ੋਅ ਨੂੰ ਸ਼ਹਿਰ ਵਾਸੀਆਂ, ਸਕੂਲਾਂ ਅਤੇ ਕਾਲਜਾਂ, ਨਰਸਰੀਆਂ ਅਤੇ ਫੁੱਲਾਂ ਦੇ ਸ਼ੌਕੀਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।
ਇਸ ਸ਼ੋਅ ਦੌਰਾਨ ਵੱਖ-ਵੱਖ ਵਰਗਾਂ ਵਿੱਚ ਹੋਏ ਮੁਕਾਬਲਿਆਂ ਦੇ ਨਤੀਜੇ ਵੀ ਐਲਾਨੇ ਗਏ। ਇੰਨਾਂ ਵਿੱਚੋਂ ਇਨਕਰਵਡ ਵਰਗ ਵਿੱਚ ਲੁਧਿਆਣਾ ਦੇ ਸ਼੍ਰੀਮਤੀ ਬੈਕਟਰ ਨੇ ਪਹਿਲੇ ਦੋ ਇਨਾਮ ਜਿੱਤੇ। ਸਪਾਈਡਰ ਵਰਗ ਵਿੱਚ ਲੁਧਿਆਣਾ ਦੇ ਅਨੂ ਦੱਤਾ ਨੇ, ਸਜਾਵਟੀ ਵਰਗ ਵਿੱਚ ਲੁਧਿਆਣਾ ਦੇ ਸ਼੍ਰੀਮਤੀ ਬੈਕਟਰ ਨੇ, ਸਪਰੇਅ ਵਰਗ ਵਿੱਚ ਮੁੰਹਮਦ ਉਰਹਾਨ ਨੇ, ਬਟਨ ਵਰਗ ਵਿੱਚ ਰਾਧਿਕਾ ਕੁਮਾਰੀ ਪਿੰਡ ਗਿੱਲਾਂ ਨੇ, ਸਿੰਗਲ/ਸੈਮੀ-ਡਬਲ ਕੋਰੀਅਨ ਵਰਗ ਵਿੱਚ ਲੁਧਿਆਣਾ ਦੇ ਮਹਿੰਦਰਪਾਲ ਸਿੰਘ ਅਤੇ ਸ਼ਪਰਮਜੋਤ ਕੌਰ, ਐਨੀਮੋਨ ਵਰਗ ਵਿੱਚ ਲੁਧਿਆਣਾ ਦੇ ਹਰਿਕੇਸ਼, ਗਮਲਿਆਂ ਦੇ ਪ੍ਰਬੰਧ ਵਿੱਚ (6 ਫੁੱਟ), ਪਰਮਜੋਤ ਕੌਰ, 6 ਤੋਂ 10 ਫੁੱਟ ਦੇ ਗਮਲਾ ਵਰਗ ਵਿੱਚ ਮਹਿੰਦਰਪਾਲ ਸਿੰਘ ਨੇ ਪਹਿਲੇ ਇਨਾਮ ਪ੍ਰਾਪਤ ਕੀਤੇ।