ਕੁਦਰਤ ਦੀ ਖ਼ੂਬਸੂਰਤੀ ਦਾ ਮੇਲਾ ਬਸੰਤ
ਬਲਵਿੰਦਰ ਬਾਲਮ
ਮਾਘ ਸ਼ੁਕਲ ਪੰਚਮੀ ਦੇ ਦਿਨ ਬਸੰਤ ਦਾ ਜਨਮ ਹੋਇਆ| ਬਸੰਤ ਪੰਚਮੀ ਦੇ ਦਿਨ ਕਲਾ ਅਤੇ ਸੰਗੀਤ ਦੀ ਦੇਵੀ ਸਰਸਵਤੀ ਦੀ ਪੂਜਾ ਹੁੰਦੀ ਹੈ| ਫਲ, ਫੁੱਲਾਂ ਅਤੇ ਰੰਗ ਬਿਰੰਗੀਆਂ ਵੇਲਾਂ ਦੇ ਬੰਦਨਵਾਰ ਮਹਾਰਾਣੀ ਬਸੰਤ ਰੁੱਤ ਦਾ ਸਵਾਗਤ ਕਰਦੇ ਹਨ| ਇਹ ਤਿਉਹਾਰ ਅਸਲ ਵਿੱਚ ਰੁੱਤਾਂ ਦੀ ਰਾਣੀ ਬਸੰਤ ਦੀ ਅਗਵਾਈ ਦੀ ਸੂਚਨਾ ਦਿੰਦਾ ਹੈ|
ਬਸੰਤ ਕੁਦਰਤ ਦੀ ਖ਼ੂਬਸੂਰਤੀ ਦਾ ਸੰਕਲਪ ਹੈ| ਸੁੰਦਰ ਸੁੰਦਰ ਖਿੜਦੇ ਫੁੱਲਾਂ ਨੂੰ ਚੁੰਮਦੇ ਤਰੇਲ ਦੇ ਤੁਪਕੇ ਜ਼ਿੰਦਗੀ ਦੀ ਹਕੀਕੀ ਜਾਣ ਪਹਿਚਾਣ ਕਰਵਾਉਂਦੇ ਨਜ਼ਰ ਆਉਂਦੇ ਹਨ| ਖੇਤਾਂ ਵਿੱਚ ਦੂਰ-ਦੂਰ ਤੱਕ ਸਰ੍ਹੋਂ ਦੀਆਂ ਪੀਲੀਆਂ ਸੋਨੇ ਵਾਂਗ ਚਮਕਦੀਆਂ ਫ਼ਸਲਾਂ ਅੱਖਾਂ ਲਈ ਤੰਦਰੁਸਤ ਖੁਰਾਕ, ਸੁੰਦਰ ਨਜ਼ਾਰਿਆਂ ਨੂੰ ਤ੍ਰਿਪਤੀ ਵਿੱਚ ਬਦਲਦੀ ਹੈ| ਬਸੰਤ ਮੌਸਮ ਦੇ ਖ਼ੂਬਸੂਰਤ ਪਰਿਵਰਤਨ ਦਾ ਨਾਮ ਹੈ| ਸੂਰਜ ਤੜਕ ਸਵੇਰਾ ਲੈ ਕੇ ਜਦੋਂ ਸਤਿਕਾਰ ਵੰਡਦਾ ਹੈ ਤਾਂ ਮੌਸਮ ਦੀ ਅੰਗੜਾਈ ਵਿੱਚ ਖ਼ੁਸ਼ਬੂਆਂ ਪਿਆਰ ਭਰਦੀਆਂ ਹਨ| ਲਹਿਲਹਾਉਂਦੇ ਹਰੇ ਭਰੇ ਖੇਤ, ਫੁੱਲਾਂ ਦੇ ਰੰਗਾਂ ਦੀ ਸੁੰਦਰ ਦਿਖ, ਅੰਬਾਂ ਉਤੇ ਪਿਆ ਬੂਰ ਕਿਸੇ ਮਤਵਾਲੀ ਕੋਇਲ ਦਾ ਇਕਰਾਰ ਮਨਮੋਹਣੀ ਆਵਾਜ਼ ਨੂੰ ਤਰਸਦਾ ਹੈ| ਫਿਰ ਬਸੰਤ ਰੁੱਤ ਵਿੱਚ ਰੰਗਿਆ ਜਾਂਦਾ ਹੈ ਸਾਰਾ ਸੰਸਾਰ, ਸਾਰੀ ਕਾਇਨਾਤ ਅਤੇ ਸਾਰੀ ਮਨੁੱਖਤਾ|
ਮੁਕੰਮਲ ਪੰਜਾਬੀ ਸੱਭਿਆਚਾਰ ਵਿੱਚ ਬਸੰਤ ਦਾ ਰੂਪ ਇਸ ਤਰ੍ਹਾਂ ਹੁੰਦਾ ਹੈ; ਤੁਰਲੇ ਵਾਲੀ ਪੀਲੀ ਪਗੜੀ, ਤੇੜ ਗੁਲਾਬੀ ਲਾਚਾ, ਕਿਸੇ ਮੁੱਛ ਫੁੱਟ ਗੱਭਰੂ ਦੇ ਗੋਰੇ ਮੁੱਖ ਉਤੇ ਸੂਰਜ ਵਰਗਾ ਹਾਸਾ, ਹੱਥ ਵਿੱਚ ਖੂੰਡਾ, ਗਲ ਵਿੱਚ ਮਾਲਾ, ਛਾਤੀ ਉੱਪਰ ਮਚਲਦਾ ਸੋਨੇ ਦਾ ਕੈਂਠਾਂ| ਲਹਿਲਹਾਉਂਦੇ ਖੇਤਾਂ ਵਿੱਚ ਸੋਹਣੀ ਮੁਟਿਆਰ, ਸਿਰ ਉੱਪਰ ਪੀਲੀ ਚੁੰਨੀ ਘਟਾਵਾਂ ਵਾਂਗ ਲਹਿਰਾਉਂਦੀ ਹੋਈ, ਪੈਰੀਂ ਝਾਂਜਰਾਂ ਦੀ ਛਣਕਾਟ, ਲੰਬੀ ਪਰਾਂਦੇ ਵਾਲੀ ਗੁੱਤ ਵਿੱਚ ਸਜੇ ਫੁੰਮਣ, ਮਟਕ-ਮਟਕ ਪਬ ਧਰਦੀ ਜਾਂਦੀ ਬਸੰਤ ਦੇ ਵਿਚਕਾਰ ਬਸੰਤ ਦੀ ਆਮਦ ਦਾ ਪਿਆਰ ਹੁੰਦੀ ਹੈ|
ਹਾੜ੍ਹੀ ਦੀਆਂ ਫ਼ਸਲਾਂ ਖਿੜ-ਖਿੜ ਹੱਸਦੀਆਂ ਹਨ, ਸਰਦੀ ਅਤੇ ਗਰਮੀ ਆਪਸ ਵਿਚ ਅੱਖ ਮਿਚੋਲੀ ਖੇਡਦੇ ਹੋਏ ਦਿਲਕਸ਼ ਮੌਸਮ ਦੇ ਨਾਮ ਪਤਝੜੀ ਕਿਰਿਆਵਾਂ ਨੂੰ ਅਲਵਿਦਾ ਕਹਿੰਦੇ ਹੋਏ ਅਤੀਤ ਦੇ ਪੈਰਾਂ ਵਿੱਚ ਵਰਤਮਾਨ ਦੇ ਅਤਿ ਸੁੰਦਰ ਚਿੰਨ੍ਹ ਛੱਡ ਜਾਂਦੇ ਹਨ| ਕਿਸਾਨ ਆਪਣੀ ਕਮਾਈ ਦੀ ਖ਼ੁਸ਼ੀ ਦੇ ਚਿੰਨ੍ਹ ਜਵਾਨ ਭਰਪੂਰ ਖਿੜੀਆਂ ਪੱਕ ਰਹੀਆਂ ਫ਼ਸਲਾਂ ਦੇ ਸੁਨਹਿਰੀ ਦ੍ਰਿਸ਼ ਦੇਖਦਾ ਹੋਇਆ ਘਰੇਲੂ ਮਜਬੂਰੀਆਂ ਅਤੇ ਕਰਜ਼ਿਆਂ ਤੋਂ ਛੁਟਕਾਰਾ ਪਾਉਣ ਦੀ ਲਲ੍ਹਕ ਵਿੱਚ ਤਤਪਰ ਹੁੰਦਾ ਹੈ|
ਬਸੰਤ ਰੁੱਤ ਸੁੰਦਰਤਾ ਦੀ ਅਸਲੀ ਪਰਿਭਾਸ਼ਾ ਹੈ। ਬਾਗਾਂ ਵਿੱਚ ਤਿਤਲੀਆਂ ਅਤੇ ਭੋਰਿਆਂ ਦੇ ਫੁੱਲਾਂ ਨਾਲ ਦਿਲਕਸ਼ ਕਲੋਲ ਸੁੰਦਰਤਾ ਦੇ ਮੇਲੇ ਨੂੰ ਚਾਰ ਚੰਨ ਲਗਾ ਦਿੰਦੇ ਹਨ| ਖਿੜੇ ਸੁੰਦਰ ਫੁੱਲਾਂ ਅਤੇ ਕਲੀਆਂ ਦੇ ਸਫ਼ੈਦ ਜਿਸਮ ਬਹਾਰਾਂ ਦੀ ਜ਼ਿੰਦਗੀ ਨੂੰ ਅਲੌਕਿਕਤਾ ਬਖ਼ਸ਼ਦੇ ਹਨ| ਪੰਛੀਆਂ ਦੀ ਚਹਿਚਹਾਟ, ਸੂਰਜ ਦੀਆਂ ਸੱਜਰੀਆਂ ਕਿਰਨਾਂ ਨਾਲ ਮਾਨਵਤਾ ਨੂੰ ਸੰਦੇਸ਼ ਦਿੰਦੀਆਂ ਹਨ| ਪਰਵਾਸੀ ਪੰਛੀਆਂ ਦੇ ਝੁੰਡ ਸੁੰਦਰ ਮੌਸਮ ਵਿੱਚ ਏਕਤਾ, ਸਦਭਾਵਨਾ, ਅਗਵਾਈ, ਦ੍ਰਿੜ ਇਰਾਦੇ, ਆਪਸੀ ਭਾਈਚਾਰੇ ਦੀ ਇੱਕ ਜੀਵਤ ਉਦਾਹਰਨ ਬਣਦੇ ਹਨ| ਇਹ ਸਭ ਕੁਝ ਬਸੰਤ ਦੀ ਖ਼ੂਬਸੂਰਤੀ ਦਾ ਹੀ ਹੀਲਾ ਵਸੀਲਾ ਹੈ|
ਬੁਲਬੁਲਾਂ, ਕੋਇਲ, ਪਪੀਹੇ, ਮੋਰ ਬਨਸਪਤੀ ਦੀ ਸੁੰਦਰਤਾ ’ਤੇ ਖ਼ੁਸ਼ ਹੋ ਕੇ ਬਸੰਤ ਦੀ ਖ਼ੂਬਸੂਰਤੀ ਨੂੰ ਚਾਰ ਚੰਨ੍ਹ ਲਗਾ ਦਿੰਦੇ ਹਨ| ਬਸੰਤ ਰੁੱਤ ਦੀਆਂ ਮਿਹਰਬਾਨੀਆਂ, ਅਭਿਵਾਦਨ, ਅਭਿਨੰਦਨ ਧਰਤੀ ਨੂੰ ਮਾਲਾਮਾਲ ਕਰ ਦਿੰਦੇ ਹਨ| ਬਸੰਤ ਰੁੱਤ ਸ਼ੁਭ ਸ਼ਗਨ ਦੀ ਪਵਿੱਤਰ ਪਰੰਪਰਾ ਹੈ| ਸਾਰੀ ਕੁਦਰਤ ਅਤੇ ਬਨਸਪਤੀ ਮਨੁੱਖਤਾ ਨੂੰ ਸੱਤਿਅਮ, ਸ਼ਿਵਮ-ਸੁੰਦਰਤਾ ਦਾ ਸੰਦੇਸ਼ ਦਿੰਦੀ ਹੈ|
ਨਦੀਆਂ-ਦਰਿਆਵਾਂ ਵਿੱਚ ਪਾਣੀ ਦੀ ਸ਼ੁੱਧਤਾ ਵਧਦੀ ਹੋਈ ਖੁਸ਼ਹਾਲੀ ਦਾ ਸੰਦੇਸ਼ ਦਿੰਦੀ ਹੈ| ਪਹਾੜਾਂ ਦੀ ਖ਼ੂਬਸੂਰਤੀ ਵਿੱਚ ਬਸੰਤ ਦੀ ਰੁੱਤ ਦੁਲਹਨਾਂ ਵਾਂਗ ਸਜਦੀ ਹੋਈ ਜੰਨਤ ਦਾ ਭੁਲੇਖਾ ਪਾਉਂਦੀ ਹੈ| ਇਹ ਰੁੱਤ ਮਾਨਵਤਾ ਦੀ ਖੁਸ਼ਹਾਲੀ ਦੀ ਪ੍ਰਤੀਕ ਹੈ| ਅੰਬਰ ਛੂੰਹਦੀਆਂ ਪਹਾੜਾਂ ਦੀਆਂ ਟੀਸੀਆਂ, ਬੁਲੰਦੀਆਂ ਉੱਪਰ ਖਿੜਦੀ ਬਸੰਤ ਵਿੱਚ ਤਰ੍ਹਾਂ-ਤਰ੍ਹਾਂ ਦੇ ਫੁੱਲਾਂ ਦੀ ਮਹਿਕ ਟੇਢੀਆਂ-ਮੇਢੀਆਂ ਪਗਡੰਡੀਆਂ ਨੂੰ ਜ਼ਿੰਦਗੀ ਦੇ ਦਿੰਦੀਆਂ ਹਨ| ਪਹਾੜਾਂ ਦੀ ਖ਼ੂਬਸੂਰਤੀ ਵਿੱਚ ਵੀ ਬਸੰਤ ਦੀ ਰੁੱਤ ਸਮੇਂ ਇੱਕ ਵਿਲੱਖਣ ਸੱਜਰਾ ਪਰਿਵਰਤਨ ਹੁੰਦਾ ਹੈ| ਬਰਫ਼ ਪਿਘਲਣ ਨਾਲ ਸ਼ੁੱਧ ਪਾਣੀ ਆਪਣੇ ਵਿੱਚ ਨਵੀਨਤਾ ਪੈਦਾ ਕਰਦਾ ਹੈ| ਝਰਨਿਆਂ ਵਿੱਚ ਦੁੱਧ ਚਿੱਟਾ ਪਾਣੀ ਉੱਪਰੋਂ ਵਹਿੰਦਾ ਹੋਇਆ ਹੇਠਾਂ ਧਰਤੀ ਨੂੰ ਜਦੋਂ ਚੁੰਮਦਾ ਹੈ ਤਾਂ ਸ਼ੀਸ਼ੇ ਦੀਆਂ ਕਿਰਚੀਆਂ ਵਾਂਗ ਟੁੱਟ ਕੇ ਫੈਲਦਾ ਹੋਇਆ ਅਨੇਕਾਂ ਅਕਸ ਪੈਦਾ ਕਰਦਾ ਹੈ ਜੋ ਜਵਾਨੀ ਸੁੰਦਰਤਾ ਅਤੇ ਜੰਨਤ ਦਾ ਆਭਾਸ਼ ਕਰਵਾਉਂਦਾ ਹੈ|
ਇਸ ਦਿਨ ਚਾਰੇ ਪਾਸੇ ਬਸੰਤੀ ਰੰਗ ਦੀ ਸੁੰਦਰਤਾ ਬਿਖਰ ਜਾਂਦੀ ਹੈ| ਬਸੰਤੀ ਪਗੜੀਆਂ, ਬਸੰਤੀ ਦੁਪੱਟੇ, ਬਸੰਤੀ ਰੁਮਾਲ, ਬਸੰਤੀ ਸੁਨਹਿਰੀ ਗਹਿਣੇ ਧਰਤੀ ਦੀ ਸੁੰਦਰਤਾ ਨੂੰ ਜੰਨਤ ਪਰੋਸ ਦਿੰਦੀ ਹੈ| ਬਸੰਤ ਦੀ ਸੁੰਦਰਤਾ ਬਾਰੇ ਗੁਰਬਾਣੀ ਵਿੱਚ ਵੀ ਬਹੁਤ ਲਿਖਿਆ ਗਿਆ ਹੈ। ਇਸ ਦਿਨ ਅਸਮਾਨ ਵਿੱਚ ਪਤੰਗਾਂ (ਗੁੱਡੀਆਂ) ਅਤੇ ਡੋਰਾਂ ਇਸ ਤਰ੍ਹਾਂ ਪੇਚੇ ਲੜਾਉਂਦੀਆਂ ਹਨ ਕਿ ਸਾਰਾ ਅਸਮਾਨ ਇਵੇਂ ਨਜ਼ਰ ਆਉਂਦਾ ਹੈ ਜਿਵੇਂ ਕਿਸੇ ਚਿੱਤਰਕਾਰ ਨੇ ਹਵਾ ਵਿੱਚ ਚਿੱਤਰਕਾਰੀ ਕੀਤੀ ਹੋਵੇ| ਰੰਗ ਬਿਰੰਗੀਆਂ ਪਤੰਗਾਂ ਦੀ ਖ਼ੂਬਸੂਰਤੀ ਅਸਮਾਨ ਨੂੰ ਸੁੰਦਰਤਾ ਬਖ਼ਸ਼ ਦਿੰਦੀ ਹੈ|
ਪਤੰਗਬਾਜ਼ੀ ਦਾ ਤਿਉਹਾਰ ਵੀ ਇਸ ਦਿਨ ਧੂਮਧਾਮ ਨਾਲ ਮਨਾਇਆ ਜਾਂਦਾ ਹੈ| ਬਸੰਤ ਵਾਲੇ ਦਿਨ ਸਾਰੇ ਭਾਰਤ ਵਿੱਚ ਕਈ ਵੱਡੇ ਮੇਲੇ ਅਤੇ ਪਤੰਗਬਾਜ਼ੀ ਦੇ ਲੱਖਾਂ ਦੇ ਮੁਕਾਬਲੇ ਹੁੰਦੇ ਹਨ। ਖ਼ਾਸ ਕਰਕੇ ਲਖਨਊ ਆਦਿ ਸ਼ਹਿਰਾਂ ਵਿੱਚ ਪਤੰਗਬਾਜ਼ੀ ਦੀਆਂ ਸ਼ਰਤਾਂ ਲੱਗਦੀਆਂ ਹਨ| ਪੰਜਾਬ ਵਿਚ ਖ਼ਾਸ ਕਰਕੇ ਸਾਰੇ ਸ਼ਹਿਰਾਂ ਨਗਰਾਂ ਤੋਂ ਇਲਾਵਾ ਅੰਮ੍ਰਿਤਸਰ, ਫਿਰੋਜ਼ਪੁਰ ਆਦਿ ਸ਼ਹਿਰਾਂ ਵਿੱਚ ਪਤੰਗਬਾਜ਼ੀ ਦੀਆਂ ਸ਼ਰਤਾਂ ਲੱਗਦੀਆਂ ਹਨ ਅਤੇ ਦੇਰ ਰਾਤ ਤੱਕ ਪਤੰਗਾਂ ਦੇ ਪੇਚੇ ਚੱਲਦੇ ਹਨ| ਮਾਂ-ਬਾਪ ਆਪਣੇ ਬੱਚਿਆਂ ਨੂੰ ਖੁਦ ਪਤੰਗ-ਡੋਰ ਖਰੀਦ ਕੇ ਦਿੰਦੇ ਹਨ।
ਬਸੰਤ ਦੇ ਦਿਨ ਹੀ ਘਰਾਂ-ਧਾਰਮਿਕ ਸਥਾਨਾਂ, ਸੰਸਥਾਵਾਂ ਆਦਿ ਵਿਖੇ ਪੀਲੇ ਰੰਗ ਦੇ ਪ੍ਰਸ਼ਾਦ, ਪੀਲੇ ਰੰਗ ਦੇ ਚਾਵਲ (ਮਿੱਠੇ) ਬਣਾਏ ਜਾਂਦੇ ਹਨ| ਹਰ ਸ਼ਹਿਰ, ਨਗਰ, ਪਿੰਡ ਵਿੱਚ ਮੇਲੇ ਲੱਗਦੇ ਹਨ| ਇਸ ਦਿਨ ਸਰਸਵਤੀ ਦੇਵੀ ਵਿਦਿਆ ਬੁੱਧੀ ਸਕੰਲਪ ਸ਼ਕਤੀ ਬਖ਼ਸ਼ਦੀ ਹੈ| ਬਸੰਤ ਹਾਸਿਆਂ-ਖੇੜਿਆਂ ਦਾ ਸੰਦੇਸ਼ ਦਿੰਦੀ ਹੈ| ਪ੍ਰਫੁੱਲਤਾ ਅਤੇ ਤਾਜ਼ਗੀ ਬਖ਼ਸ਼ਦੀ ਹੈ| ਮਹਾਭਾਰਤ ਕਾਲ ਵਿੱਚ ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ, ‘‘ਮੈਂ ਰੁੱਤਾਂ ਵਿੱਚੋਂ ਰੁੱਤ ਬਸੰਤ ਹਾਂ|’’ ਇਸ ਦਿਨ ਬੰਗਾਲ, ਆਸਾਮ ਅਤੇ ਬੰਗਲਾ ਦੇਸ਼ ਵਿੱਚ ਪੀਲੇ ਅਤੇ ਗੁਲਾਬੀ ਰੰਗ ਵਿੱਚ ਹੋਲੀ ਖੇਡੀ ਜਾਂਦੀ ਹੈ| ਬਸੰਤ ਪ੍ਰਦੂਸ਼ਣ ਦੂਰ ਕਰਦੀ ਹੈ, ਜੰਗਲ ਵਿੱਚ ਮੰਗਲ ਕਰਦੀ ਹੈ| ਇਹ ਸਰੀਰ ਲਈ ਊਰਜਾ, ਸਿਹਤ ਅਤੇ ਨਿਰੋਗਤਾ ਦੀ ਪ੍ਰਤੀਕ ਹੈ| ਇਹ ਖੁਸ਼ੀਆਂ ਹੀ ਖੁਸ਼ੀਆਂ ਦਾ ਸੰਦੇਸ਼ ਦਿੰਦੀ ਹੈ |
ਇਸ ਦਿਨ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਵੀ ਆਉਂਦਾ ਹੈ| ਖ਼ਾਸ ਕਰਕੇ ਵੀਰ ਹਕੀਕਤ ਰਾਇ ਦੀ ਸ਼ਹਾਦਤ, ਨਾਮਧਾਰੀ ਕੂਕਿਆਂ ਦੀ ਬਹਾਦਰੀ, ਜਰਨੈਲ ਸ਼ਾਮ ਸਿੰਘ ਅਟਾਰੀ ਦੀ ਸ਼ਹੀਦੀ ਆਦਿ ਘਟਨਾਵਾਂ ਅਤੇ ਸ਼ੁਭ ਕਾਰਜਾਂ ਦਾ ਜ਼ਿਕਰ ਆਉਂਦਾ ਹੈ| ਵੀਰ ਹਕੀਕਤ ਰਾਇ ਦਾ ਬਟਾਲਾ (ਗੁਰਦਾਸਪੁਰ) ਪੰਜਾਬ ਵਿਖੇ ਭਾਰੀ ਮੇਲਾ ਲੱਗਦਾ ਹੈ| ਇਸ ਦਿਨ ਧਾਰਮਿਕ ਸਥਾਨਾਂ ਵਿਖੇ ਕੀਰਤਨ ਅਤੇ ਪ੍ਰਵਚਨਾਂ ਨਾਲ ਬਸੰਤ ਦੀ ਉਸਤਤ ਕੀਤੀ ਜਾਂਦੀ ਹੈ| ਖ਼ਾਸ ਕਰਕੇ ਸ੍ਰੀ ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਅੰਮ੍ਰਿਤਸਰ ਵਿਖੇ ਸਾਰਾ ਦਿਨ ਬਸੰਤ ਦੀ ਉਸਤਤ ਵਿੱਚ ਸ਼ਬਦ ਗਾਇਨ ਕੀਤੇ ਜਾਂਦੇ ਹਨ| ਬਸੰਤ ਰੁੱਤ ਸਭ ਰੁੱਤਾਂ ਦੀ ਸਰਵੋਤਮ ਰਾਣੀ ਹੈ| ਮਨੁੱਖਤਾ ਦੇ ਜੀਵਨ ਵਿੱਚ ਇਸ ਦੀ ਮਹਾਨਤਾ ਹਿਰਦੇ ਵਿੱਚ ਉਤਰਨ ਵਾਲੀ ਅਤੇ ਸ਼ੁੱਧਤਾ, ਸੁੰਦਰਤਾ ਅਤੇ ਸ਼ਾਂਤੀ ਦੀ ਪ੍ਰਤੀਕ ਹੈ|
ਸੰਪਰਕ: 98156-25409