ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਝ ਅਣਛਪਿਆ

12:36 AM Jun 17, 2023 IST

ਜਗਦੀਪ ਸਿੱਧੂ

Advertisement

ਪੜ੍ਹਨ-ਲਿਖਣ ਦੀ ਛੇ ਤੋਂ ਅੱਠ ਘੰਟੇ ਬੈਠਕ ਹੁੰਦੀ ਹੈ। ਇਹ ਚਾਅ ਬਰਕਰਾਰ ਹੈ। ਘਰੇ ਵੀ ਝਿੜਕਾਂ ਪੈਂਦੀਆਂ- ‘ਦਿਨ-ਰਾਤ ਲੱਗੇ ਰਹਿੰਦੇ ਹੋ, ਕੀ ਕੱਢਣਾ ਇਹਨਾਂ ‘ਚੋਂ? ਧੀ ਨੂੰ ਪੜ੍ਹਾ ਲਿਆ ਕਰੋ; ਦੇਖੋ, ਰਿਜ਼ਲਟ ਕਾਰਡ, ਇਸ ‘ਤੇ ਲਿਖਿਆ ਵੀ ਪੜ੍ਹੋ।’ ਧੀ ਨੂੰ ਘੂਰਦਾ ਹਾਂ, ਉਹ ਮੁਸਕਰਾ ਪੈਂਦੀ ਹੈ। ਸੋਚ ਰਿਹਾਂ ਪੜ੍ਹਨ-ਲਿਖਣ ਦੀ ਬੈਠਕ ਨਾਲ ਸੈਰ, ਖੇਡਣਾ ਲੱਗਭਗ ਬੰਦ ਹੀ ਹੋ ਗਿਆ। ਪਿੱਛੇ ਜਿਹੇ ਖੇਡਾਂ ਨਾਲ ਸਬੰਧਿਤ ਕੁਝ ਬਿਰਤਾਂਤ ਲਿਖੇ; ਪਤਨੀ ਕਹਿੰਦੀ- ‘ਕੱਲਾ ਲਿਖਣ ਨਾਲ ਨ੍ਹੀਂ ਸਰਨਾ।’

ਪੜ੍ਹਨਾ-ਲਿਖਣਾ ਤੇ ਛਪਣ ਦੀ ਖੁਸ਼ੀ ਅਜੇ ਵੀ ਉਵੇਂ ਹੈ ਜਿਵੇਂ ਪਹਿਲੀ ਵਾਰ ਹੁੰਦੀ ਸੀ। ਮੈਨੂੰ ਯਾਦ ਹੈ, ਪਹਿਲੀ ਵਾਰ ਮੇਰੀ ਕਵਿਤਾ ਇੱਕ ਅਖ਼ਬਾਰ ਵਿਚ ਛਪੀ ਸੀ; ਉਸ ਦਾ ਚਾਅ ਅਜੇ ਵੀ ਦਿਲ ਦੇ ਕਿਸੇ ਕੋਨੇ ਵਿਚ ਪਿਆ ਹੈ। ਉਸ ਯਾਦ ਨੂੰ ਥੋੜ੍ਹੇ ਬਦਲਵੇਂ ਰੂਪ ਵਿਚ ਛੋਟੀ ਜਿਹੀ ਕਵਿਤਾ ਦੇ ਰੂਪ ਵਿਚ ਲਿਖਿਆ ਜੋ ਹੁਣੇ ਜਿਹੇ ਇੱਕ ਹੋਰ ਅਖ਼ਬਾਰ ‘ਚ ਪ੍ਰਕਾਸ਼ਿਤ ਹੋਈ ਹੈ- ਮੇਰੀ ਕਵਿਤਾ ਛਪੀ/ਤੂੰ ਅਖ਼ਬਾਰ ਲੱਭ ਕੇ ਸੰਭਾਲਿਆ/ਤੇਰਾ ਸੰਭਾਲਣਾ/ਮੈਂ ਹੁਣ ਤਕ ਸਾਂਭਿਆ ਹੋਇਆ ਹੈ।

Advertisement

ਪੁਰਾਣੀਆਂ ਅਖ਼ਬਾਰਾਂ ਦੀਆਂ ਕਾਤਰਾਂ ਅਜੇ ਵੀ ਪਈਆਂ ਨੇ; ਭਾਵੇਂ ਬਾਅਦ ਵਿਚ ਕੁਝ ਰਚਨਾਵਾਂ ਕਿਤਾਬਾਂ ਵਿਚ ਸ਼ਾਮਿਲ ਨਹੀਂ ਹੋਈਆਂ; ਹੁਣ ਲੱਗਦਾ ਉਹਨਾਂ ਨੇ ਉਥੇ ਹੀ ਆਪਣੀ ਥਾਂ ਬਣਾਈ ਹੋਈ ਹੈ। ਮੇਰੇ ਵਰਗਾ ਕਦੀ ਖੋਲ੍ਹ ਕੇ ਦੇਖ ਲੈਂਦਾ ਹੈ।

ਕਿਤਾਬਾਂ ਪੜ੍ਹਨ ਦਾ ਸ਼ੌਕ ਮੈਨੂੰ ਕਾਮਿਕਸ ਤੋਂ ਲੱਗਿਆ; ਸਾਬੂ, ਚਾਚਾ ਚੌਧਰੀ, ਰਾਕਾ, ਨਾਗਰਾਜ ਜਿਹੇ ਮਿਥਿਕ ਨਾਇਕ ਅਜੇ ਵੀ ਚੇਤਿਆਂ ਵਿਚ ਵਸੇ ਨੇ। ਕਾਮਿਕਸ ਘਰਦਿਆਂ ਤੋਂ ਚੋਰੀ ਕਿਤਾਬਾਂ ਵਿਚ ਲੁਕੋ ਕੇ ਪੜ੍ਹਦੇ। ਹੁਣ ਸੋਚਦਾਂ, ਇਹਨਾਂ ਪਿੱਛੇ ਕਿਤਾਬਾਂ ਨੇ ਹੋਣਾ ਹੀ ਸੀ।

ਫਿਰ ਹੌਲੀ ਹੌਲੀ ਕਿੰਨੇ ਹੀ ਅਖ਼ਬਾਰਾਂ, ਰਸਾਲਿਆਂ ਵਿਚ ਛਪਿਆ। ਬੜਾ ਚੰਗਾ ਲੱਗਦਾ ਹੋਰਨਾਂ ਚੰਗੇ ਲੇਖਕਾਂ ਨਾਲ ਛਪਣਾ, ਜਿਵੇਂ ਉਹਨਾਂ ਨਾਲ ਖੜ੍ਹਾ ਹੋਵਾਂ। ਇਹ ਸ਼ਾਇਦ ਕਬਜ਼ੇ ਦੀ ਹੀ ਸਥਿਤੀ ਹੁੰਦੀ ਹੋਵੇਗੀ; ਅਜਿਹੀ ਥਾਂ ਜਿੱਥੇ ਮੈਂ ਹੀ ਮੈਂ ਹੋਵਾਂ। ਕਿਤਾਬ ਛਪਵਾ ਲਈ, ਫਿਰ ਉਹਨਾਂ ਲੋਕਾਂ ਨੂੰ ਵੀ ਦਿੱਤੀ ਜਿਨ੍ਹਾਂ ਨਾਲ ਛਪਦਾ ਹੁੰਦਾ ਸੀ।

ਅੱਜ ਕੱਲ੍ਹ ਅਨੁਵਾਦ, ਸੰਪਾਦਨ ਵੀ ਕਰ ਰਿਹਾਂ। ਹੁਣ ਦੂਜਿਆਂ ਨੂੰ ਇਸ ਤਰ੍ਹਾਂ ਆਪਣੇ ਨਾਲ ਰੱਖਦਾ ਹਾਂ। ਇਹ ਉਮਰ, ਸਮੇਂ ਕਾਰਨ ਪਰਪੱਕਤਾ ਹੈ। ਹੁਣ ਪੜ੍ਹਨ-ਲਿਖਣ ਦੀ ਆਪਣੇ ਲਈ ਇਕ ਹੋਰ ਸੂਰਤ ਈਜਾਦ ਕਰ ਲਈ ਹੈ; ਕਿਤਾਬਾਂ ‘ਤੇ ਸਮਾਗਮ ਕਰਾਉਣੇ, ਲੇਖਕਾਂ-ਵਿਦਵਾਨਾਂ ਨੂੰ ਮਿਲਣਾ, ਸੁਣਨਾ ਸੁਣਾਉਣਾ। ਬਾਹਰਲੇ ਅਤੇ ਘਰ ਦੇ ਹਰ ਮਸਲੇ ਵਿਚ ਕਿਤਾਬ ਵੱਡੇ ਰੂਪ ਵਿਚ ਸ਼ਾਮਿਲ ਹੋ ਗਈ ਹੈ। ਕਿਤਾਬਾਂ ਅੱਜ ਕੱਲ੍ਹ ਲੋਕ ਘੱਟ ਪੜ੍ਹਦੇ ਨੇ, ਇਸ ਅਫਸੋਸ ਨਾਲ ਬਹੁਤ ਕੁਝ ਜੁੜ ਜਾਂਦਾ ਹੈ। ਬਾਜ਼ਾਰ ਜਾਂਦਾ ਹਾਂ ਤਾਂ ਸੋਚਦਾ ਹਾਂ, ਇਥੇ ਜੇ ਕਿਤਾਬਾਂ ਦੀ ਦੁਕਾਨ ਹੋਵੇਗੀ ਤਾਂ ਮੇਨ ਤੋਂ ਹਟਵੀਂ ਗਲੀ ਨੁਕਰੇ ਕਿਤੇ ਹੋਵੇਗੀ ਜਿਸ ਦਾ ਕਿਰਾਇਆ ਘੱਟ ਹੋਵੇਗਾ। ਉਹ ਤਾਂ ਮੁੱਖ ਧਾਰਾ ਤੋਂ ਕਦ ਦੀ ਪਾਸੇ ਹੋ ਗਈ ਹੈ। ਅਦਾਲਤ ਬਾਜ਼ਾਰ ਪਟਿਆਲਾ ਵਿਚਲੀ ਕਿਤਾਬਾਂ ਦੀ ਦੁਕਾਨ ਚੇਤੇ ਆਉਂਦੀ ਹੈ ਜੋ ਬੰਦ ਹੀ ਹੋ ਗਈ ਹੈ।

ਘਰ ਦੇ, ਘਰਦਿਆਂ ਦੇ ਗਿਲੇ ਸ਼ਿਕਵੇ ਨਜ਼ਮਾਂ ਵਿਚ ਰਹਿ ਕੇ ਵੀ ਇਹਨਾਂ ਤੋਂ ਦੂਰ ਤਕ, ਆਖ਼ਰ ਤਕ ਫੈਲ ਗਏ ਨੇ ਕਿ ਹੈਰਾਨੀ ਹੁੰਦੀ ਹੈ, ਆਪਣੇ ਇਸ ਤਰ੍ਹਾਂ ਦੇ ਜੁੜਾਓ ‘ਤੇ। ਤਾਜ਼ਾ ਛਪੀ ਕਿਤਾਬ ‘ਪੌੜੀਆਂ ਉਤਰਦੀ ਛਾਂ’ ਵਿਚਲੀ ਨਜ਼ਮ ‘ਹੋਣਾ ਤਾਂ ਇੰਝ ਚਾਹੀਦਾ ਨਾ’- ਜਦ ਆਇਆ/ਇਸ ਇਲਾਕੇ ਵਿਚ/ ਕਈ ਵਰ੍ਹੇ ਪਹਿਲਾਂ/ਖਰੜ ਤੋਂ ਚੰਡੀਗੜ੍ਹ/ਲੱਗਦਾ ਸੀ ਦੂਰ/ਕਹਿੰਦਾ ਹਮੇਸ਼ਾ:/ਚੰਡੀਗੜ੍ਹ ਚੱਲਿਆਂ/ਹੁਣ ਨਿਕਲਦਾ ਅਕਸਰ ਹੀ ਮੂੰਹੋਂ/ਪੰਜਾਬ ਬੁੱਕ ਸੈਂਟਰ ਜਾ ਆਵਾਂ/ਕਿੰਨੇ ਲੋਕ, ਘਰਾਂ ਨਾਲ/ਖ਼ਤਮ ਹੋ ਜਾਂਦਾ ਫਾਸਲਾ ਬਿਲਕੁਲ ਹੀ/ਹੋਣਾ ਤਾਂ ਇੰਝ ਚਾਹੀਦਾ ਨਾ ਅੜੀਏ।

ਘਰ ਦੀਆਂ ਉਤਲੀਆਂ ਮੰਜ਼ਿਲਾਂ ਬਣਾਈਆਂ ਤਾਂ ਕੰਧਾਂ ਉੱਤੇ ਸ਼ੋਅਕੇਸ ਬਣਾਏ। ਬਣਾਏ ਵੀ ਲੰਮੇ, ਚੌੜੇ, ਛੋਟੇ ਖਾਨੇ। ਇਸ ਨਾਲ ਹੋਇਆ ਇਹ ਕਿ ਖਾਨਿਆਂ ਦੀ ਤਰਤੀਬ ਜਿਹੀ ਨਾਲ ਸ਼ੋਅਕੇਸ ਸੋਹਣੇ ਲੱਗਣ ਲੱਗੇ। ਕਮਰਿਆਂ ਦੀ ਬਣਾਵਟ ਵਧੀਆ ਲੱਗੀ। ਇਹਨਾਂ ਵਿਚ ਸਨਮਾਨ ਚਿੰਨ੍ਹ, ਸਨਮਾਨ ਪੱਤਰ ਟਿਕਾਏ। ਸਾਡੇ ਬਾਰੇ ਵੀ ਕਿੰਨਾ ਕੁਝ ਛਪ ਕੇ ਇਹਨਾਂ ਉੱਤੇ ਆ ਗਿਆ।

ਅੱਜ ਕੱਲ੍ਹ ਡਿਜੀਟਲ ਜ਼ਮਾਨਾ ਹੈ। ਚੰਗੇ ਮਨੋਰਥ ਨਾਲ ਵਰਤਿਆ ਕੁਝ ਵੀ ਬੁਰਾ ਨਹੀਂ ਹੈ। ਮੈਨੂੰ ਫੋਨ ‘ਤੇ ਟਾਈਪਿੰਗ ਕਰਨੀ ਚੰਗੀ ਲੱਗਦੀ, ਪੰਜਾਬੀ ਹੋਰ ਤਰੀਕਿਆਂ ਨਾਲ ਵੀ ਲਿਖਣਾ ਚੰਗਾ ਮਹਿਸੂਸ ਹੁੰਦਾ ਹੈ। ਫੇਸਬੁੱਕ ‘ਤੇ ਪਾਈ ਪੋਸਟ ਦੀ ਸਾਲ ਬਾਅਦ ‘ਮੈਮਰੀ’ ਸਭ ਤੋਂ ਵਧੀਆ ਲੱਗਦੀ ਹੈ। ਤੁਸੀਂ ਆਪਣਾ ਲਿਖਿਆ, ਪਾਇਆ ਫਿਰ ਦੇਖ ਲੈਂਦੇ ਹੋ, ਉਸ ਸਮੇਂ ਨੂੰ ਵੀ ਚੇਤੇ ਕਰ ਲੈਂਦੇ ਹੋ।

ਜਦ ਕਿਤਾਬ ਇਕ ਹੱਥ ਵਿਚ ਫੜ ਲੈਂਦਾ ਤਾਂ ਲੱਗਦਾ ਕਿਤਾਬ ਦੇ ਦੋਨਾਂ ਪਾਸਿਆਂ ਨਾਲ ਇਬਾਦਤ ਕਰ ਰਿਹਾਂ ਹੋਵਾਂ; ਜਦ ਦੋਵੇਂ ਹੱਥਾਂ ਵਿਚ ਫੜਦਾਂ ਤਾਂ ਲੱਗਦਾ ਇਬਾਦਤ ਵਿਚ ਦੋਵੇਂ ਹੱਥ ਵੀ ਸ਼ਾਮਿਲ ਹੋ ਕੇ ਇਬਾਦਤ ਨੂੰ ਹੋਰ ਗਹਿਰੀ ਕਰ ਰਹੇ ਹੁੰਦੇ ਹਨ। ਚੰਗਾ ਛਪਿਆ, ਲਿਖਿਆ, ਪੜ੍ਹਿਆ ਕਿਸੇ ਤਰ੍ਹਾਂ ਵੀ ਹੋਵੇ, ਇਸ ਦੀ ਸਾਰਥਕਤਾ ਕਦੇ ਵੀ ਖ਼ਤਮ ਨਹੀਂ ਹੋਵੇਗੀ। ਹੁਣ ਘਰਦਿਆਂ ਨੇ ਕਹਿਣਾ- ਜਿਹੜਾ ਲਿਖਿਆ, ਪੜ੍ਹਿਆ, ਛਪਿਆ, ਉਹ ਵੀ ਲਿਖ ਦਿੱਤਾ।
ਸੰਪਰਕ: 82838-26876

Advertisement