ਕੀ ‘ਘਰ ਘਰ ਸਿੰਧੂਰ’ ‘ਇੱਕ ਦੇਸ਼, ਇੱਕ ਪਤੀ’ ਯੋਜਨਾ ਹੈ: ਭਗਵੰਤ ਮਾਨ
ਚਰਨਜੀਤ ਭੁੱਲਰ
ਚੰਡੀਗੜ੍ਹ, 3 ਜੂਨ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਭਾਜਪਾ ਦੀ ‘ਘਰ ਘਰ ਸਿੰਧੂਰ’ ਮੁਹਿੰਮ ’ਤੇ ਤਨਜ਼ ਕੀਤੇ ਜਾਣ ਮਗਰੋਂ ਪੰਜਾਬ ਵਿੱਚ ਸਿੰਧੂਰ ’ਤੇ ਸਿਆਸਤ ਭਖ ਗਈ ਹੈ। ਮੁੱਖ ਮੰਤਰੀ ਨੇ ਭਾਜਪਾ ਨੂੰ ‘ਘਰ ਘਰ ਸਿੰਧੂਰ’ ’ਤੇ ਸਵਾਲ ਕੀਤਾ ਕਿ ਕੀ ਇਹ ‘ਇੱਕ ਦੇਸ਼-ਇੱਕ ਪਤੀ’ ਯੋਜਨਾ ਹੈ। ਮੀਡੀਆ ਨੇ ਅੱਜ ਮੁੱਖ ਮੰਤਰੀ ਨੂੰ ਸੁਆਲ ਕੀਤਾ ਕਿ ਭਾਜਪਾ ਆਗੂ ਸਿੰਧੂਰ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸਿੰਧੂਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਹ ਸਿੰਧੂਰ ਘਰ-ਘਰ ਭੇਜਣ ਦੀ ਗੱਲ ਕਹਿ ਰਹੇ ਹਨ। ਕੀ ਇਹ ‘ਇੱਕ ਰਾਸ਼ਟਰ-ਇੱਕ ਪਤੀ’ ਯੋਜਨਾ ਹੈ। ਮੁੱਖ ਮੰਤਰੀ ਨੇ ਮੀਡੀਆ ਨੂੰ ਪੁੱਛਿਆ, ‘ਜਦੋਂ ਥੋਡੇ ਘਰ ਸਿੰਧੂਰ ਆਵੇਗਾ ਤਾਂ ਤੁਸੀਂ ਕੀ ਕਹੋਗੇ’।
ਦੂਜੇ ਪਾਸੇ ਭਾਜਪਾ ਨੇ ਅਜਿਹੀ ਕੋਈ ਮੁਹਿੰਮ ਚਲਾਏ ਜਾਣ ਤੋਂ ਇਨਕਾਰ ਕੀਤਾ ਹੈ ਅਤੇ ਭਾਜਪਾ ਨੇ ਮੁੱਖ ਮੰਤਰੀ ਦੀ ਇਸ ਸ਼ਬਦਾਵਲੀ ਨੂੰ ‘ਅਪਰੇਸ਼ਨ ਸਿੰਧੂਰ’ ਦਾ ਅਪਮਾਨ ਦੱਸਿਆ ਹੈ। ਭਾਜਪਾ ਦੇ ਪ੍ਰਿਤਪਾਲ ਸਿੰਘ ਬਾਲੀਆਵਾਲ ਨੇ ਕਿਹਾ ਕਿ ਭਾਜਪਾ ਵੱਲੋਂ ਹਰ ਘਰ ਸਿੰਧੂਰ ਨਹੀਂ ਭੇਜਿਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਅਪਰੇਸ਼ਨ ਸਿੰਧੂਰ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਅਤਿਵਾਦ, ਸ਼ਹਾਦਤ ਅਤੇ ਭਾਰਤੀ ਜਾਨਾਂ ਦੀ ਸੁਰੱਖਿਆ ਬਾਰੇ ਸੀ। ਉਨ੍ਹਾਂ ਕਿਹਾ ਕਿ ‘ਇੱਕ ਆਦਮੀ ਜੋ ਫ਼ੌਜ ਦਾ ਮਜ਼ਾਕ ਉਡਾਉਂਦਾ ਹੈ, ਵੀਰ ਨਾਰੀਆਂ ਦਾ ਅਪਮਾਨ ਕਰਦਾ ਹੈ ਅਤੇ ਹਰ ਪਵਿੱਤਰ ਚਿੰਨ੍ਹ ਨੂੰ ਮਜ਼ਾਕ ਵਿੱਚ ਬਦਲ ਦਿੰਦਾ ਹੈ, ਉਹ ਕਦੇ ਵੀ ‘ਸਿੰਧੂਰ’ ਦੀ ਕੀਮਤ ਨਹੀਂ ਸਮਝੇਗਾ।’
ਜ਼ਿਕਰਯੋਗ ਹੈ ਕਿ ਇਸ ਵਿਵਾਦ ਦਾ ਮੁੱਢ ਕੱਲ੍ਹ ਉਸ ਸਮੇਂ ਬੱਝਿਆ ਸੀ ਜਦੋਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਲੁਧਿਆਣਾ ਪੱਛਮੀ ਦੀ ਚੋਣ ਦੌਰਾਨ ਕਿਹਾ ਸੀ ਕਿ ਲੋਕਾਂ ਨੂੰ ‘ਅਪਰੇਸ਼ਨ ਸਿੰਧੂਰ’ ਦੇ ਨਾਮ ’ਤੇ ਵੋਟ ਪਾਉਣੀ ਚਾਹੀਦੀ ਹੈ।
ਭਗਵੰਤ ਮਾਨ ਬਿਨਾਂ ਸ਼ਰਤ ਮੁਆਫ਼ੀ ਮੰਗਣ: ਬਿੱਟੂ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਭਗਵੰਤ ਮਾਨ ਇੰਨਾ ਥੱਲੇ ਡਿੱਗ ਜਾਣਗੇ ਕਿ ਪਹਿਲਗਾਮ ਦੀਆਂ ਵਿਧਵਾਵਾਂ ਦਾ ਮਜ਼ਾਕ ‘ਇੱਕ ਰਾਸ਼ਟਰ-ਇੱਕ ਪਤੀ’ ਵਰਗੇ ਘਟੀਆ ਸ਼ਬਦਾਂ ਨਾਲ ਉਡਾਉਣਗੇ। ਉਨ੍ਹਾਂ ਕਿਹਾ ਕਿ ਇਹ ਆਗੂ ਫ਼ੌਜ ਦੀ ਬਹਾਦਰੀ ਨੂੰ ਸਿਆਸੀ ਰੰਗ ਦੇ ਰਹੇ ਹਨ ਅਤੇ ਸ਼ਹੀਦਾਂ ਦੀ ਕੁਰਬਾਨੀ ਦੀ ਅਣਦੇਖੀ ਕਰ ਰਹੇ ਹਨ। ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ‘ਇੱਕ ਰਾਸ਼ਟਰ ਇੱਕ ਪਤੀ’ ਵਾਲੀ ਟਿੱਪਣੀ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ। ਬਿੱਟੂ ਨੇ ਰਾਜਾ ਵੜਿੰਗ ’ਤੇ ਹੱਲਾ ਬੋਲਦਿਆਂ ਕਿਹਾ ਕਿ ਪੰਜਾਬ ਕਾਂਗਰਸ ਨੇ ਵੀ ਫ਼ੌਜ ਦੀ ਕਾਰਵਾਈ ’ਤੇ ਸੁਆਲ ਚੁੱਕਣ ਲਈ ‘ਆਪ’ ਨਾਲ ਹੱਥ ਮਿਲਾ ਲਿਆ ਹੈ। ਉਨ੍ਹਾਂ ਕਿਹਾ ਕਿ ਵੜਿੰਗ ਵੀ ਫ਼ੌਜੀ ਕਾਰਵਾਈ ਦੇ ਸਬੂਤ ਮੰਗ ਰਹੇ ਹਨ।
ਭਾਜਪਾ ਨੂੰ ਸਿੰਧੂਰ ਲੈ ਕੇ ਘਰ-ਘਰ ਨਹੀਂ ਜਾਣਾ ਚਾਹੀਦਾ: ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਲਈ ਉਹ ਭਾਰਤੀ ਫ਼ੌਜ ਨੂੰ ਸਲਾਮ ਕਰਦੇ ਹਨ ਪਰ ਭਾਜਪਾ ਦੇ ਆਗੂਆਂ ਨੂੰ ਸਿੰਧੂਰ ਲੈ ਕੇ ਘਰ ਘਰ ਨਹੀਂ ਜਾਣਾ ਚਾਹੀਦਾ। ਪੰਜਾਬ ਦੀਆਂ ਔਰਤਾਂ ਤਾਂ ਅਜਿਹਾ ਕਰਨ ’ਤੇ ਭਾਜਪਾ ਵਾਲਿਆਂ ਨੂੰ ਕੁੱਟਣਗੀਆਂ। ਉਨ੍ਹਾਂ ਕਿਹਾ ਕਿ ਸਿੰਧੂਰ ’ਤੇ ਸਿਰਫ਼ ਪਤੀ ਦਾ ਹੱਕ ਹੈ ਅਤੇ ਔਰਤ ਆਪਣੇ ਪਤੀ ਦੀ ਲੰਮੀ ਉਮਰ ਲਈ ਸਿੰਧੂਰ ਲਗਾਉਂਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਰਵਨੀਤ ਬਿੱਟੂ ਤੇ ਸੁਨੀਲ ਜਾਖੜ ਸਿੰਧੂਰ ਦੇ ਨਾਮ ’ਤੇ ਸਿਆਸਤ ਕਰਨਾ ਚਾਹੁੰਦੇ ਹਨ ਪਰ ਲੋਕ ਉਨ੍ਹਾਂ ਨੂੰ ਨੰਗੇ ਪੈਰੀਂ ਵਾਪਸ ਭੇਜਣਗੇ।