ਕਿੱਕੀ ਢਿੱਲੋਂ ਵੱਲੋਂ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ
ਗੁਰਿੰਦਰ ਸਿੰਘ
ਲੁਧਿਆਣਾ, 25 ਮਈ
ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸੰਤ ਨਗਰ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਕਾਂਗਰਸੀ ਆਗੂ ਬਿੱਟੂ ਨਵਕਾਰ ਅਤੇ ਕੌਂਸਲਰ ਨਿੰਦਰ ਨਿੰਦੀ ਵੀ ਹਾਜ਼ਰ ਸਨ।
ਇਸ ਮੌਕੇ ਕਿੱਕੀ ਢਿੱਲੋਂ ਨੇ ਭਾਰਤ ਭੂਸ਼ਨ ਆਸ਼ੂ ਵੱਲੋਂ ਕੌਂਸਲਰ ਦੇ ਅਹੁਦੇ ਤੋਂ ਲੈ ਕੇ ਕੈਬਨਿਟ ਮੰਤਰੀ ਤੱਕ ਕੀਤੇ ਗਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਧਾਨ ਸਭਾ ਪੱਛਮੀ ਹਲਕੇ ਵਿੱਚ ਆਵਾਜਾਈ ਦਰੁਸਤ ਕਰਨ ਲਈ ਪੱਖੋਵਾਲ ਰੋਡ ਪੁਲ ਦਾ ਨਿਰਮਾਣ ਅਤੇ ਮਲਹਾਰ ਰੋਡ ਦਾ ਨਵੀਨੀਕਰਨ ਕੀਤਾ ਗਿਆ ਸੀ। ਹਲਕੇ ਵਿੱਚ ਸੜਕਾਂ, ਸੀਵਰੇਜ ਅਤੇ ਪਾਣੀ ਸਪਲਾਈ ਦੇ ਸ਼ੁਰੂ ਕੀਤੇ ਕੰਮ ਆਸ਼ੂ ਦੁਆਰਾ ਵਿਕਾਸ ਦਾ ਜਿਉਂਦਾ ਜਾਗਦਾ ਸਬੂਤ ਹੈ।
ਉਨ੍ਹਾਂ ਕਿਹਾ ਕਿ'ਆਪ' ਸਰਕਾਰ ਦੇ ਤਿੰਨ ਸਾਲਾਂ ਦੇ ਰਾਜ ਦੌਰਾਨ ‘ਆਪ’ ਉਮੀਦਵਾਰ ਨੇ ਕੇਵਲ ਵਿਕਾਸ ਦੇ ਨਾਮ ’ਤੇ ਨੀਂਹ ਪੱਥਰ ਰੱਖਣ ਤੋਂ ਇਲਾਵਾ ਕੁੱਝ ਨਹੀਂ ਕੀਤਾ। ਚੋਣ ਕਮਿਸ਼ਨ ਵੱਲੋਂ 19 ਜੂਨ ਨੂੰ ਐਲਾਨੀ ਗਈ ਚੋਣ ਤਰੀਕ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ 'ਆਪ' ਸਰਕਾਰ ਦੀ ਉਲਟੀ ਗਿਣਤੀ ਅੱਜ ਤੋਂ ਸ਼ੁਰੂ ਹੋ ਗਈ ਹੈ। ਵਿਧਾਨ ਸਭਾ ਪੱਛਮੀ ਦੇ ਲੋਕ ਝੂਠੇ ਵਿਕਾਸ ਪੱਥਰਾਂ ਦਾ ਹਿਸਾਬ-ਕਿਤਾਬ ਜ਼ਰੂਰ ਚੁਕਾਉਣਗੇ। ਆਸ਼ੂ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਉਨ੍ਹਾਂ ਵਿਰੁੱਧ ਸਿਆਸੀ ਰੰਜਿਸ਼ ਨਾਲ ਦਰਜ ਝੂਠੇ ਕੇਸਾਂ ਨੂੰ ਰੱਦ ਕਰਕੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ। ਉਨ੍ਹਾਂ ਮਾਨਯੋਗ ਅਦਾਲਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 'ਆਪ' ਸਰਕਾਰ ਜਿਸ ਨੂੰ ਨਿਆਂਇਕ ਅਦਾਲਤਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਹੁਣ ਲੋਕਾਂ ਦੀ ਅਦਾਲਤ ਵਿੱਚ ਵੀ ਹਾਰ ਜਾਵੇਗੀ। ਇਸ ਮੌਕੇ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਵੀ ਹਾਜ਼ਰ ਸਨ।
ਇਸਤੋਂ ਪਹਿਲਾਂ ਉਨ੍ਹਾਂ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਵਿੱਖੇ ਮੱਥਾ ਟੇਕਿਆ। ਸ਼ਿਵਾਲਾ ਦੇ ਮਹੰਤ ਨਰਾਇਣ ਪੁਰੀ ਨੇ ਆਸ਼ੂ ਨੂੰ ਸਿਰੋਪਾਓ ਭੇਟ ਕਰਕੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਪੁਰਾਤਨ ਠਾਕੁਰ ਦੁਆਰਾ ਨੌਹਰੀਆ ਵਿੱਖੇ ਵੀ ਮੱਥਾ ਟੇਕਿਆ। ਮਹੰਤ ਗੌਰਵ ਬਾਵਾ ਨੇ ਉਨ੍ਹਾਂ ਨੂੰ ਸਿਰੋਪਾ ਭੇਟ ਕੀਤਾ।