ਖੇਤਰੀ ਪ੍ਰਤੀਨਿਧਲੁਧਿਆਣਾ, 9 ਜਨਵਰੀਖੇਤੀਬਾੜੀ ਯੂਨੀਵਰਸਿਟੀ ਨੇ ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਿੰਬੂ ਜਾਤੀ ਫਲਾਂ ਦੀ ਖੋਜ ਬਾਰੇ ਬਣੇ ਕੇਂਦਰ ਵਿਚ ਕਿੰਨੂ ਦੀ ਤੁੜਾਈ ਤੋਂ ਬਾਅਦ ਸੰਭਾਲ ਅਤੇ ਸਟੋਰੇਜ ਬਾਰੇ ਸੈਮੀਨਾਰ ਕਰਵਾਇਆ ਗਿਆ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਗੋਸਲ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਉਪਜ ਦੀ ਘਰੇਲੂ ਅਤੇ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਬਿਹਤਰ ਮੰਡੀਕਰਨ ਲਈ ਸਹਿਕਾਰੀ ਸਭਾਵਾਂ ਬਣਾਉਣ।ਪੰਜਾਬ ਹਾਰਟੀਕਲਚਰ ਪੋਸਟਹਾਰਵੈਸਟ ਤਕਨਾਲੋਜੀ ਸੈਂਟਰ ਦੇ ਡਾਇਰੈਕਟਰ ਡਾ. ਬੀਵੀਸੀ ਮਹਾਜਨ ਨੇ ਕਿਹਾ ਕਿ ਠੰਢੇ ਮੌਸਮ ਕਾਰਨ ਉੱਤਰੀ ਖੇਤਰ ਵਿੱਚ ਕਿੰਨੂ ਦੀ ਮੰਗ ਬਹੁਤ ਘੱਟ ਹੈ। ਦੱਖਣੀ ਰਾਜਾਂ ਵਿੱਚ ਕਿੰਨੂ ਦੇ ਫਲਾਂ ਦੀ ਮੰਗ ਮੁਕਾਬਲਤਨ ਵੱਧ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਉਪਜ ਨੂੰ ਸਹੀ ਢੰਗ ਨਾਲ ਵੈਕਸਿੰਗ, ਗਰੇਡਿੰਗ ਅਤੇ ਪੈਕਿੰਗ ਤੋਂ ਬਾਅਦ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਭੇਜਣ ਤਾਂ ਜੋ ਵਧੀਆ ਮੁੱਲ ਮਿਲ ਸਕੇ। ਸਹਾਇਕ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ ਨੇ ਕਿਸਾਨਾਂ ਨੂੰ ਖੇਤੀ ਪੱਧਰ ’ਤੇ ਤੁੜਾਈ ਤੋਂ ਬਾਅਦ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਕੌਮੀ ਬਾਗਬਾਨੀ ਮਿਸ਼ਨ ਪ੍ਰੋਗਰਾਮ ਤਹਿਤ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਜਾਗਰੂਕ ਕੀਤਾ।