ਕਿਸਾਨ ਯੂਨੀਅਨ (ਰਾਜੇਵਾਲ) ਨੇ ਸਰਕਾਰ ਦੀਆਂ ਨੀਤੀਆਂ ਤੋਂ ਬਚਣ ਲਈ ਪੇਪਰ ਵੰਡੇ
ਪੱਤਰ ਪ੍ਰੇਰਕ
ਦੋਰਾਹਾ, 6 ਜੂਨ
ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੈਬਰਾਂ ਨੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਦੀ ਅਗਵਾਈ ਹੇਠਾਂ ਦੋਰਾਹਾ ਸ਼ਹਿਰ ਵਿਚ ਹਰ ਦੁਕਾਨਦਾਰ ਤੱਕ ਪਹੁੰਚ ਕਰਕੇ ਸਰਕਾਰ ਦੀ ਨੀਅਤ ਅਤੇ ਨੀਤੀਆਂ ਤੋਂ ਬਚਣ ਸਬੰਧੀ ਪੇਪਰ ਸੌਂਪਿਆ। ਉਨ੍ਹਾਂ ਕਿਹਾ ਕਿ ਦੁਕਾਨਦਾਰ ਭਰਾਵਾਂ ਨੂੰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਬਚਣ ਦੀ ਲੋੜ ਹੈ ਜਿਨ੍ਹਾਂ ਤੋਂ ਜੱਥੇਬੰਦੀ ਨੂੰ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਸਾਡੀਆਂ ਸਰਕਾਰਾਂ ਬਾਹਰਲੇ ਮੁਲਕਾਂ ਨਾਲ ਟ੍ਰੇਡ ਮੁਫ਼ਤ ਵਪਾਰ ਕਰਨ ਲਈ ਸਮਝੌਤੇ ਕਰ ਰਹੀਆਂ ਹਨ ਜਿਸ ਨਾਲ ਇਥੋਂ ਦਾ ਸਾਰਾ ਅਰਥਚਾਰਾ ਤਬਾਹ ਹੋ ਜਾਵੇਗਾ। ਇਸ ਸਬੰਧੀ ਸਾਰੇ ਭਾਈਚਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਅਤੇ ਜੇਕਰ ਦੁਨੀਆਂ ਭਰ ਵਿਚ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਿਰਫ਼ ਪੰਜਾਬੀ ਕਿਸਾਨ ਮਜ਼ਦੂਰ ਜੱਥੇਬੰਦੀਆਂ ਨੇ ਕਾਰਪੋਰੇਟ ਜਗਤ ਖਿਲਾਫ਼ ਸਰਕਾਰ ਨਾਲ ਆਢਾ ਲੈਣ ਦੀ ਹਿੰਮਤ ਦਿਖਾਈ ਹੈ। ਉਨ੍ਹਾਂ ਹਰ ਵਰਗ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਨੀਤੀਆਂ ਖਿਲਾਫ਼ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ। ਇਸ ਮੌਕੇ ਗੁਰਦੀਪ ਸਿੰਘ, ਦਰਸ਼ਨ ਸਿੰਘ ਧਾਲੀਵਾਲ, ਦਿਲਬਾਗ ਸਿੰਘ, ਪਰਵਿੰਦਰ ਸਿੰਘ, ਸਰਪੰਚ ਜੀਤਾ ਸਿੰਘ, ਬਾਬਾ ਦਲਜੀਤ ਸਿੰਘ ਆਦਿ ਹਾਜ਼ਰ ਸਨ।