ਕਿਸਾਨ ਮਹਾਪੰਚਾਇਤ ਦੀਆਂ ਤਿਆਰੀਆਂ ਸਿਖ਼ਰ ’ਤੇ
ਸਰਬਜੀਤ ਸਿੰਘ ਭੰਗੂ /ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 2 ਜਨਵਰੀ
ਕਿਸਾਨਾਂ ਵੱਲੋਂ ਢਾਬੀਗੁੱਜਰਾਂ ਬਾਰਡਰ ’ਤੇ 4 ਜਨਵਰੀ ਨੂੰ ਕੀਤੀ ਜਾਣ ਵਾਲੀ ਕਿਸਾਨ ਮਹਾਪੰਚਾਇਤ ਦੀਆਂ ਤਿਆਰੀਆਂ ਸਿਖਰਾਂ ’ਤੇ ਹਨ। ਸੁਪਰੀਮ ਕੋਰਟ ’ਚ ਸੁਣਵਾਈ ਸੋਮਵਾਰ ’ਤੇ ਪੈਣ ਕਾਰਨ ਸਰਕਾਰ ਨੂੰ ਵੀ ਕੁਝ ਸਮਾਂ ਮਿਲ ਗਿਆ ਹੈ। ਇਸ ਕਰਕੇ ਅੱਜ ਅਧਿਕਾਰੀਆਂ ਦੀ ਬਾਰਡਰ ’ਤੇ ਆਮਦ ਨਾ ਹੋਣ ਕਾਰਨ ਕਿਸਾਨ ਆਗੂ ਵੀ ਅਜਿਹੀਆਂ ਮੀਟਿੰਗਾਂ ਤੋਂ ਮੁਕਤ ਰਹੇ। ਇਸੇ ਕਾਰਨ ਉਨ੍ਹਾਂ ਅੱਜ ਸਾਰਾ ਧਿਆਨ ਕਿਸਾਨ ਪੰਚਾਇਤ ਦੀਆਂ ਤਿਆਰੀਆਂ ’ਤੇ ਹੀ ਕੇਂਦਰਿਤ ਰੱਖਿਆ।
ਇਸ ਸਬੰਧੀ ਜਿਥੇ ਬਾਰਡਰ ’ਤੇ ਬੈਠ ਕੇ ਕਈ ਆਗੂ ਫੋਨਾਂ ਅਤੇ ਸ਼ੋਸ਼ਲ ਮੀਡੀਆ ਸਣੇ ਹੋਰ ਵਿਉਂਤਬੰਦੀ ਤਹਿਤ ਤਿਆਰੀਆਂ ’ਚ ਜੁਟੇ ਰਹੇ, ਉਥੇ ਹੀ ਪਿੰਡਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਵੇਂ ਇਸ ਕਿਸਾਨ ਪੰਚਾਇਤ ’ਚ ਦੂਜੇ ਰਾਜਾਂ ਤੋਂ ਵੀ ਕਿਸਾਨ ਸ਼ਿਰਕਤ ਕਰਨਗੇ, ਪਰ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਵਿਚਲੇ ਇਸ ਬਾਰਡਰ ਦੇ ਨੇੜਲੇ ਕਈ ਪਿੰਡਾਂ ’ਤੇ ਹੋਰ ਵੀ ਵਧੇਰੇ ਜ਼ੋਰ ਲਾਇਆ ਜਾ ਰਿਹਾ ਹੈ। ਕਿਸਾਨ ਗੱਡੀਆਂ ’ਤੇ ਸਪੀਕਰ ਬੰਨ੍ਹ ਕੇ ਇੱਥੇ ਪੁੱਜਣ ਦੇ ਹੋਕੇ ਦੇ ਰਹੇ ਹਨ। ਉਧਰ, ਇਸ ਦੌਰਾਨ 38 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਦਾ ਵਾਸਤਾ ਵੀ ਪਾਇਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਦੋ ਲੱਖ ਤੋਂ ਵੱਧ ਦੇ ਇਕੱਠ ਦਾ ਟੀਚਾ ਰੱਖਿਆ ਗਿਆ ਹੈ।
ਪਾਤੜਾਂ ਦੀਆਂ ਜੜ੍ਹਾਂ ’ਚ ਵਸੇ ਪਿੰਡ ਨਿਆਲ ਵਾਸੀ ਅਤੇ ਸੂਬਾਈ ਕਿਸਾਨ ਆਗੂ ਮਨਜੀਤ ਨਿਆਲ ਤੇ ਬੁਰੜ ਵਾਸੀ ਯਾਦਵਿੰਦਰ ਬੁਰੜ, ਪਾਤੜਾਂ ਨੇੜਲੇ ਪਿੰਡ ਹਰੀਗੜ੍ਹ ਤੋਂ ਸੂਬਾਈ ਆਗੂ ਦਿਲਬਾਗ ਸਿੰਘ ਨਿਆਲ, ਰਾਜ ਸਿੰੰਘ ਖੇੜੀ, ਪਟਿਆਲਾ ਨੇੜਲੇ ਸਵਾਜਪੁਰ ਤੋਂ ਕੇਯੂਕੇ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ ਸਣੇ ਕਈ ਹੋਰਨਾਂ ਦਾ ਕਹਿਣਾ ਸੀ ਕਿ ਨੇੜਲੇ ਇਲਾਕਿਆਂ ਵਿੱਚੋਂ ਭਾਰੀ ਸਮਰਥਨ ਮਿਲ ਰਿਹਾ ਹੈੈ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾਈ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਸਮੁੱਚੇ ਮਾਲਵਾ ਖੇਤਰ ਵਿੱਚੋਂ ਕਿਸਾਨ ਪੰਚਾਇਤ ਪ੍ਰਤੀ ਲੋਕਾਂ ’ਚ ਭਾਰੀ ਉਤਸ਼ਾਹ ਹੈ।
ਦੂਜੇ ਰਾਜਾਂ ਤੋਂ ਵੀ ਆਉਣਗੇ ਲੋਕ
ਅਭਿਮੰਨਿਊ ਕੋਹਾੜ ਦਾ ਕਹਿਣਾ ਸੀ ਕਿ ਹਰਿਆਣਾ ਵਿੱਚੋਂ ਵੀ ਵੱਡੀ ਗਿਣਤੀ ’ਚ ਲੋਕ ਪੁੱਜਣਗੇ। ਸੁਖਜੀਤ ਹਰਦੋਝੰਡੇ ਨੇ ਵੀ ਲੋਕਾਂ ਤੋਂ ਮਿਲ ਰਹੇ ਭਰੋਸੇ ਦੀ ਗੱਲ ਸਾਂਝੀ ਕੀਤੀ। ਸੁਰਜੀਤ ਫੂਲ ਨੇ ਦੱਸਿਆ ਕਿ ਜਿਥੇ ਪਹਿਲਾਂ, ਯੂਪੀ, ਰਾਜਸਥਾਨ, ਮੱਧਪ੍ਰਦੇਸ਼ ਸਣੇ ਹੋਰ ਰਾਜਾਂ ਤੋਂ ਕਿਸਾਨ ਤੇ ਰਾਜਸੀ ਆਗੂ ਸਮਰਥਨ ਦੇ ਚੁੱਕੇ ਹਨ, ਉਥੇ ਹੀ ਅੱਜ ਕਰਨਾਟਕ ਅਤੇ ਤਾਮਿਲਨਾਡੂ ਤੋਂ ਵੀ ਕਿਸਾਨਾਂ ਦਾ ਵੱਡਾ ਜਥਾ ਕੁਰਬਰੂ ਸ਼ਾਂਤਾਕੁਮਾਰ ਅਤੇ ਪੀਆਰ ਪੰਡਯਾਨ ਦੀ ਅਗਵਾਈ ਹੇਠ ਢਾਬੀਗੁੱਜਰਾਂ ਕਿਸਾਨ ਮੋਰਚਾ ’ਤੇ ਆ ਕੇ ਸਮਰਥਨ ਦੇ ਕੇ ਗਿਆ ਹੈ। ਇਸੇ ਦੌਰਾਨ ਮੋਰਚੇ ’ਚ ਪ੍ਰੈੱਸ ਕਾਨਫਰੰਸ ਕਰਕੇ ਵੀ ਕਿਸਾਨ ਨੇਤਾਵਾਂ ਨੇ ਇਸ ਕਿਸਾਨ ਮਹਾਂਪੰਚਾਇਤ ਪ੍ਰਤੀ ਦੇਸ਼ ਭਰ ’ਚ ਭਾਰੀ ਉਤਸ਼ਾਹ ਦਾ ਦਾਅਵਾ ਕੀਤਾ।