ਕਿਸਾਨ ਜਥੇਬੰਦੀ ਵੱਲੋਂ ਬੜੌਦੀ ਟੌਲ ਪਲਾਜ਼ਾ ’ਤੇ ਭੁੱਖ ਹੜਤਾਲ ਸ਼ੁਰੂ
ਮਿਹਰ ਸਿੰਘ
ਕੁਰਾਲੀ, 20 ਦਸੰਬਰ
ਲੋਕ ਹਿੱਤ ਮਿਸ਼ਨ ਕਿਸਾਨ ਜਥੇਬੰਦੀ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਹੱਕ ਵਿੱਚ ਅੱਜ ਬੜੌਦੀ ਟੌਲ ਪਲਾਜ਼ਾ ’ਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਨੀਤੀ ਅਤੇ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਵਿੱਚ ਅੱਜ ਸ਼ੁਰੂ ਕੀਤੇ ਲੜੀਵਾਰ ਭੁੱਖ ਹੜਤਾਲ ਦੇ ਪਹਿਲੇ ਦਿਨ ਦਲਵਿੰਦਰ ਸਿੰਘ ਬੈਨੀਪਾਲ ਤੋਂ ਇਲਾਵਾ ਮਾਸਟਰ ਹਰਨੇਕ ਸਿੰਘ ਮਾਵੀ ਬੜੌਦੀ, ਜਗਦੀਸ਼ ਸਿੰਘ ਦੀਸ਼ਾ, ਮੇਵਾ ਸਿੰਘ ਖਿਜ਼ਰਾਬਾਦ, ਸੁਰਜੀਤ ਸਿੰਘ ਸਲੇਮਪੁਰ ਕਲਾਂ ਵੱਲੋਂ ਅੱਜ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਭੁੱਖ ਹੜਤਾਲ ਕੀਤੀ ਗਈ। ਇਸ ਸੰਘਰਸ਼ ਦੀ ਸ਼ੁਰੂਆਤ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਪੰਜਾਬ ਦੇ ਕਿਸਾਨ ਪਹਿਲਾਂ ਵੀ ਕੇਂਦਰ ਨੂੰ ਕਰਾਰਾ ਜਵਾਬ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਫਿਰ ਕੇਂਦਰ ਸਰਕਾਰ ਪੰਜਾਬ ਦੀ ਕਿਰਸਾਨੀ ਨੂੰ ਖਤਮ ਕਰਨ ਲਈ ਚਾਲਾਂ ਚੱਲ ਰਹੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਕਿਸੇ ਵੀ ਸੂਰਤ ਵਿੱਚ ਕਿਸਾਨ ਵਿਰੋਧੀ ਕਾਨੂੰਨ ਤੇ ਨੀਤੀਆਂ ਲਾਗੂ ਨਹੀਂ ਹੋਣ ਦੇਣਗੇ।
ਆਗੂਆਂ ਨੇ ਕੇਂਦਰ ਵੱਲੋਂ ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਨੂੰ ਅਣਦੇਖਿਆ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਸ੍ਰੀ ਡੱਲੇਵਾਲ ਦਾ ਜ਼ਰਾ ਜਿੰਨਾ ਵੀ ਨੁਕਸਾਨ ਹੋਇਆ ਤਾਂ ਭਾਜਪਾ ਨੂੰ ਇਸ ਦਾ ਵੱਡਾ ਖਾਮਿਆਜ਼ਾ ਭੁਗਤਣਾ ਪਏਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨ ਇਸ ਮੁੱਦੇ ਨੂੰ ਲੈ ਕੇ ਮੁੜ ਇੱਕਜੁੱਟ ਹੋ ਰਹੇ ਹਨ ਜਿਸਦੇ ਨਤੀਜੇ ਜਲਦੀ ਸਾਹਮਣੇ ਆਉਣਗੇ। ਇਸ ਮੌਕੇ ਦਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਪੰਜ ਕਿਸਾਨ ਬੜੌਦੀ ਟੌਲ ਪਲਾਜ਼ਾ ’ਤੇ ਭੁੱਖ ਹੜਤਾਲ ’ਤੇ ਬੈਠਿਆ ਕਰਨਗੇ। ਇਸ ਮੌਕੇ ਗੁਰਪ੍ਰੀਤ ਕਾਦੀਮਾਜਰਾ,ਗੁਰਵਿੰਦਰ ਸਿੰਘ, ਜੱਸਾ ਸਲੇਮਪੁਰ ਕਲਾਂ, ਇਸ਼ਮੀਤ ਸਿੰਘ,ਬਿੰਦਾ ਬੜੌਦੀ, ਜ਼ੋਰਾਵਰ ਸਿੰਘ ,ਇੰਦਰਵੀਰ ਸਿੰਘ ਬੜੌਦੀ ਵੀ ਹਾਜ਼ਰ ਸਨ।