ਕਿਸਾਨ ਆਗੂ ’ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ
ਰਮੇਸ਼ ਭਾਰਦਵਾਜ
ਲਹਿਰਾਗਾਗਾ 14 ਜੂਨ
ਇੱਥੋਂ ਨੇੜਲੇ ਪਿੰਡ ਖੰਡੇਬਾਦ ਤੇ ਕਾਲਬੰਜਾਰਾ ਵਿਚ ਅੱਜ ਅੱਤ ਦੀ ਗਰਮੀ ਵਿੱਚ ਕਿਸਾਨ ਆਗੂ ਮਾਸਟਰ ਨਿਰਭੈ ਸਿੰਘ ’ਤੇ ਕੀਤੇ ਕਾਤਲਾਨਾ ਹਮਲੇ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਤੇ ਗ੍ਰਿਫ਼ਤਾਰ ਕਰਵਾਉਣ ਲਈ ਨਿਰਭੈ ਸਿੰਘ ਖਾਈ ਇਨਸਾਫ ਸੰਘਰਸ਼ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਝੋਨੇ ਦਾ ਸੀਜ਼ਨ ਹੋਣ ਦੇ ਬਾਵਜੂਦ ਸੰਘਰਸ਼ੀ ਲੋਕ ਆਪ ਮੁਹਾਰੇ ਧਰਨੇ ਵਿਚ ਪੁੱਜੇ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਮਾਮਲਿਆਂ ’ਤੇ ਸਰਕਾਰ ਤੇ ਕੈਬਨਿਟ ਮੰਤਰੀਆਂ ਨੂੰ ਸਵਾਲ ਕਰਨਗੇ। ਇਸ ਮੌਕੇ ਪਿੰਡ ਖੰਡੇਬਾਦ ਵਿਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਿੱਟੂ ਖੋਖਰ ਨੇ ਕਿਹਾ ਕਿ ਸਰਕਾਰ ਤਾਨਾਸ਼ਾਹੀ ਰਵੱਈਏ ’ਤੇ ਉਤਰ ਆਈ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਲੋਕਾਂ ਦੀ ਸਰਕਾਰ ਨਹੀਂ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਕਾਤਲਾਨਾ ਹਮਲਾ ਕਰਨ ਵਾਲੇ ਸ਼ਰੇਆਮ ਘੁੰਮ ਰਹੇ ਹਨ ਅਤੇ ਦੂਸਰੇ ਪਾਸੇ ਮਜ਼ਦੂਰ ਆਗੂ ਬਿੱਕਰ ਸਿੰਘ ਹਥੋਆ ਨੂੰ ਗੱਲਬਾਤ ਕਰਨ ਦੇ ਬਹਾਨੇ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ । ਇਹ ਨਿੰਦਣਯੋਗ ਕਾਰਵਾਈ ਹੈ। ਕਿਸਾਨ ਯੂਨੀਅਨ ਉਗਰਾਹਾਂ ਦੇ ਸੁਰੇਸ਼ ਕਾਲਵੰਜਾਰਾ ਨੇ ਭਰੋਸਾ ਦਿਵਾਇਆ ਕਿ ਉਹ ਨਿਰਭੈ ਸਿੰਘ ਖਾਈ ਨੂੰ ਇਨਸਾਫ ਦਿਵਾ ਕੇ ਹਟਣਗੇ। ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ ਨੇ ਦੱਸਿਆ ਕਿ 15 ਜੂਨ ਨੂੰ ਮੀਟਿੰਗ ਰੱਖ ਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਖ਼ਿਲਾਫ਼ ਪੱਕੇ ਮੋਰਚੇ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਵੱਖੋ ਵੱਖ ਯੂਨੀਅਨਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਲੋਕ ਚੇਤਨਾ ਮੰਚ ਤੋਂ ਰਘਵੀਰ ਭੁਟਾਲ, ਕਿਰਤੀ ਦਲ ਪੰਜਾਬ ਤੋਂ ਬੱਬੀ ਲਹਿਰਾ, ਸੇਬੀ ਖੰਡੇਬਾਦ, ਪ੍ਰਗਟ ਖੰਡੇਬਾਦ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ ਬਲਵਿੰਦਰ ਘੋੜੇਨਬ ਤੇ ਗੁਰਤੇਜ ਸਿੰਘ ਖੰਡੇਬਾਦ, ਬੀਕੇਯੂ ਉਗਰਾਹਾਂ ਦੇ ਰਾਜ ਖੰਡੇਬਾਦ, ਕੁੱਲ ਹਿੰਦ ਕਿਸਾਨ ਸਭਾ ਤੋਂ ਬਲਵਿੰਦਰ ਸਿੰਘ ਖੰਡੇਬਾਦ, ਡੀਟੀਐਫ ਤੋਂ ਮਾਸਟਰ ਸੁਖਵਿੰਦਰ ਗਿਰ ਤੇ ਮਨਜੀਤ ਸਿੰਘ, ਪਿੰਡ ਖਾਈ ਤੋਂ ਗੁਰਮੇਲ ਸਿੰਘ, ਪਾਲ ਸਿੰਘ ਖਾਈ ਆਦਿ ਨੇ ਸੰਬੋਧਨ ਕੀਤਾ।