ਕਿਸਾਨ ਆਗੂ ਡੱਲੇਵਾਲ ਦੇ ਹੱਕ ’ਚ ਆਏ ਕਾਨੂੰਨਗੋ
ਪੱਤਰ ਪ੍ਰੇਰਕ
ਜਲੰਧਰ, 22 ਦਸੰਬਰ
ਦਿ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ ਨੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਖਨੌਰੀ ਬਾਰਡਰ ’ਤੇ ਕਿਸਾਨਾਂ ਦੀਆਂ ਮੰਗਾਂ ਲੈ ਕੇ ਮਰਨ ਵਰਤ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਹੱਕ ’ਚ 23 ਦਸੰਬਰ ਤੋਂ ਰੋਸ ਜ਼ਾਹਰ ਕਰਨ ਦਾ ਐਲਾਨ ਕੀਤਾ ਹੈ। ਇਹ ਰੋਸ ਪੰਜਾਬ ਦੇ ਸਮੂਹ ਕਾਨੂੰਨਗੋ ਆਪਣੇ ਦਫ਼ਤਰਾਂ ’ਚ ਕਾਲੇ ਬਿੱਲੇ ਲਾ ਕੇ ਕਰਨਗੇ। ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਤੇ ਜਨਰਲ ਸਕੱਤਰ ਨਿਰਮਲ ਸਿੰਘ ਬਾਠ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਮੀਟਿੰਗ ਕਰ ਕੇ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਸੂਬੇ ਦੇ ਸਮੂਹ ਕਾਨੂੰਨਗੋ ਕਿਸਾਨੀ ਮੰਗਾਂ ਦਾ ਸਮਰਥਨ ਕਰਦੇ ਹਨ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਦੀ ਅਰਦਾਸ ਕਰਦੇ ਹਨ। ਐਸੋਸੀਏਸ਼ਨ ਪੰਜਾਬ ਕਿਸਾਨੀ ਮੰਗਾਂ ਦਾ ਸਮਰਥਨ ਕਰਨ ਦੇ ਨਾਲ ਹੀ ਕਿਸਾਨ ਆਗੂ ਡੱਲੇਵਾਲ ਦੇ ਹੱਕ ’ਚ ਖੜ੍ਹੀ ਹੈ। ਇਸੇ ਲਈ ਪੰਜਾਬ ਦੇ ਸਮੂਹ ਕਾਨੂੰਨਗੋ 23 ਦਸੰਬਰ ਤੋਂ ਆਪਣੇ ਦਫ਼ਤਰਾਂ ’ਚ ਰੋਸ ਵਜੋਂ ਕਾਲੇ ਬਿੱਲੇ ਲਾ ਕੇ ਕੰਮ ਕਰਨਗੇ।