ਕਿਸਾਨਾਂ ਵੱਲੋਂ ਸ਼ਹਿਣਾ ਦੇ ਬਿਜਲੀ ਗਰਿੱਡ ਅੱਗੇ ਧਰਨਾ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 27 ਮਈ
ਇਥੇ ਬਿਜਲੀ ਗਰਿੱਡ ’ਚ ਵੱਡਾ ਟਰਾਂਸਫਾਰਮਰ ਸੜਨ ਦਾ ਮਾਮਲਾ ਭਖ਼ ਗਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਲੋਕ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਪ੍ਰੇਸ਼ਾਨ ਹਨ। ਇਸ ਮਸਲੇ ’ਚ ਕਿਸਾਨ ਯੂਨੀਅਨਾਂ ਵੱਲੋਂ ਬਿਜਲੀ ਗਰਿੱਡ ਅੱਗੇ ਧਰਨਾ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ, ਕਾਲਾ ਸਿੰਘ ਉੱਪਲ ਆਦਿ ਕਿਸਾਨ ਆਗੂ ਨੇ ਦੱਸਿਆ ਕਿ ਮੱਚਿਆ ਟਰਾਂਸਫਾਰਮਰ 16 ਪਾਵਰ ਦਾ ਹੈ ਅਤੇ 16 ਪਾਵਰ ਦਾ ਟਰਾਂਸਫਾਰਮਰ ਇਸ ਗਰਿੱਡ ਦੀ ਬਿਜਲੀ ਸਪਲਾਈ ਲਈ ਛੋਟਾ ਹੈ। ਕਿਸਾਨ ਯੂਨੀਅਨਾਂ ਨੇ ਮੰਗ ਕੀਤੀ ਕਿ 31 ਹਾਰਸ ਪਾਵਰ ਦਾ ਟਰਾਂਸਫਾਰਮਰ ਰੱਖਿਆ ਜਾਵੇ। ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ 31 ਪਾਵਰ ਦਾ ਟਰਾਂਸਫਾਰਮਰ ਨਹੀਂ ਰੱਖਿਆ ਜਾਂਦਾ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਨੇ ਕਿਹਾ ਕਿ ਨਵੇਂ ਟਰਾਂਸਫਾਰਮਰ ਦੀ ਥਾਂ ਪੁਰਾਣਾ ਹੀ ਫੇਰ ਤੋਂ ਲਾਇਆ ਜਾ ਰਿਹਾ ਹੈ।
ਪਾਵਰਕੌਮ ਅਧਿਕਾਰੀ ਨੇ ਐੱਸਡੀਓ ਜੇਆਰ ਜਿੰਦਲ ਕਿਹਾ ਕਿ 20 ਪਾਵਰ ਦਾ ਟਰਾਂਸਫਾਰਮ ਹੀ ਉੱਚ ਅਧਿਕਾਰੀਆਂ ਨੇ ਪਾਸ ਕੀਤਾ ਹੈ। ਓਹੀ ਲਾਇਆ ਜਾਵੇਗਾ। ਥਾਣਾ ਸ਼ਹਿਣਾ ਦੇ ਐੱਸਐੱਚਓ ਗੁਰਮੰਦਰ ਸਿੰਘ ਨੇ ਵੀ ਕਿਸਾਨਾਂ ਅਤੇ ਪਾਵਰਕੌਮ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਮਸਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ। ਦੂਸਰੇ ਪਾਸੇ ਬਿਜਲੀ ਸਪਲਾਈ ਪਿਛਲੇ ਤਿੰਨਾਂ ਦਿਨਾਂ ਤੋਂ ਪ੍ਰਭਾਵਿਤ ਹੈ। ਦੋ ਰਾਤਾਂ ਤੋਂ ਪੂਰੀ ਬਿਜਲੀ ਨਹੀਂ ਆਈ। ਹਾਲਾਂਕੀ ਪਾਵਰਕੌਮ ਨੇ ਬਿਜਲੀ ਦੇ ਆਰਜ਼ੀ ਪ੍ਰਬੰਧ ਕੀਤੇ ਹਨ।