ਕਿਸਾਨਾਂ ਵੱਲੋਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਅੱਗੇ ਧਰਨਾ
ਮਾਲੇਰਕੋਟਲਾ, 2 ਜਨਵਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਇਕਾਈ ਵੱਲੋਂ ਰਛਪਾਲ ਸਿੰਘ ਰੜ ਦੀ ਅਗਵਾਈ ਹੇਠ ਪਿੰਡ ਕੁਠਾਲਾ ਦੇ ਇੱਕ ਕਿਸਾਨ ਵੱਲੋਂ ਦਿ ਮਾਲੇਰਕੋਟਲਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਤੋਂ ਲਏ ਕਰਜ਼ੇ ਦੀ ਕਿਸ਼ਤ ਟੁੱਟਣ ਉਪਰੰਤ ਕਿਸਾਨ ਵੱਲੋਂ ਬੈਂਕ ਨੂੰ ਦਿੱਤੇ ਚੈੱਕ ਬਾਊਂਸ ਹੋਣ ਦੇ ਮਾਮਲੇ ਨੂੰ ਲੈ ਕੇ ਬੈਂਕ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਨੇ ਕਿਹਾ ਕਿਸਾਨ ਗੁਰਚਰਨ ਸਿੰਘ ਨੇ 2016 ਵਿੱਚ ਉਕਤ ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਬੈਂਕ ਨੇ ਗੁਰਚਰਨ ਸਿੰਘ ਨੂੰ ਕਰਜ਼ਾ ਦੇਣ ਸਮੇਂ ਗੁਰਚਰਨ ਸਿੰਘ ਤੋਂ 6-7 ਖ਼ਾਲੀ ਚੈੱਕਾਂ ’ਤੇ ਦਸਤਖ਼ਤ ਕਰਵਾ ਕੇ ਆਪਣੇ ਕੋਲ ਰੱਖ ਲਏ ਸਨ। ਕਰੋਨਾ ਕਾਲ ਦੌਰਾਨ ਕਿਸਾਨ ਦੀਆਂ ਕਿਸ਼ਤਾਂ ਟੁੱਟ ਗਈਆਂ ਸਨ। ਬੈਂਕ ਮੈਨੇਜਰ ਨੇ ਗੁਰਚਰਨ ਸਿੰਘ ਨੂੰ ਬਿਨਾਂ ਦੱਸੇ ਇੱਕ ਚੈੱਕ ਭਰ ਕੇ ਬੈਂਕ ਵਿੱਚ ਲਾ ਦਿੱਤਾ, ਜੋ ਗੁਰਚਰਨ ਸਿੰਘ ਦੇ ਖਾਤੇ ’ਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ। ਬੈਂਕ ਨੇ ਚੈੱਕ ਬਾਊਂਸ ਹੋਣ ਦੀ ਗੁਰਚਰਨ ਸਿੰਘ ਨੂੰ ਇਤਲਾਹ ਦਿੱਤੇ ਬਗੈਰ ਕੇਸ ਅਦਾਲਤ ਵਿੱਚ ਲਾ ਦਿੱਤਾ। ਇਸ ਮਗਰੋਂ ਜਦੋਂ ਪੁਲੀਸ ਪਿਛਲੇ ਦਿਨੀਂ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਉਸ ਦੇ ਪਿੰਡ ਕੁਠਾਲਾ ਪੁੱਜੀ ਤਾਂ ਯੂਨੀਅਨ ਵੱਲੋਂ ਵਿਰੋਧ ਕਰਨ ’ਤੇ ਪੁਲੀਸ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਧਰਨੇ ਨੂੰ ਕਿਸਾਨ ਆਗੂ ਨਿਰਮਲ ਸਿੰਘ ਅਲੀਪੁਰ, ਚਰਨਜੀਤ ਸਿੰਘ ਹਥਨ ਅਤੇ ਗੁਰਪ੍ਰੀਤ ਸਿੰਘ ਹਥਨ ਨੇ ਵੀ ਸੰਬੋਧਨ ਕੀਤਾ। ਬੈਂਕ ਪ੍ਰਬੰਧਕ ਹਰਜੀਤ ਸਿੰਘ ਨੇ ਦੱਸਿਆ ਕਿ ਚੈੱਕ ਬਾਊਂਸ ਹੋਣ ਦਾ ਮਾਮਲਾ ਅਦਾਲਤ ’ਚ ਵਿੱਚ ਚਲਾ ਗਿਆ ਸੀ। ਹੁਣ ਉਕਤ ਮਾਮਲੇ ’ਚ ਕਾਰਵਾਈ ਅਦਾਲਤ ਦੇ ਫ਼ੈਸਲੇ ’ਤੇ ਕੀਤੀ ਜਾ ਰਹੀ ਹੈ। ਬੈਂਕ ਪ੍ਰਬੰਧਕ ਹਰਜੀਤ ਸਿੰਘ ਵੱਲੋਂ ਕਿਸਾਨ ਆਗੂਆਂ ਤੋਂ ਮਾਮਲੇ ਸਬੰਧੀ ਬੈਂਕ ਦੇ ਉੱਚ ਅਧਿਕਾਰੀਆਂ ਅਤੇ ਵਕੀਲ ਨਾਲ ਸਲਾਹ ਕਰਨ ਲਈ ਸਮਾਂ ਮੰਗਣ ’ਤੇ ਕਿਸਾਨਾਂ ਨੇ ਧਰਨਾ ਸਮਾਪਤ ਕੀਤਾ ਗਿਆ।