ਕਿਸਾਨਾਂ ਵੱਲੋਂ ਵਿਧਾਇਕ ਬਿਲਾਸਪੁਰ ਦਾ ਘਿਰਾਓ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 15 ਮਈ
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਜ਼ਿਲ੍ਹਾ ਸਕੱਤਰ ਬੂਟਾ ਸਿੰਘ ਭਾਗੀਕੇ ਦੀ ਅਗਵਾਈ ਹੇਠ ਅੱਜ ਇੱਥੇ ਕਿਸਾਨ ਯੂਨੀਅਨ ਕਾਰਕੁਨਾਂ ਵੱਲੋਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਘਿਰਾਓ ਕੀਤਾ ਗਿਆ। ਵਿਧਾਇਕ ਅੱਜ ਸਿੱਖਿਆ ਕ੍ਰਾਂਤੀ ਤਹਿਤ ਪਿੰਡ ਭਾਗੀਕੇ ਵਿੱਚ ਪ੍ਰਾਇਮਰੀ ਸਕੂਲ ਦਾ ਉਦਘਾਟਨ ਕਰਨ ਆਏ ਸਨ। ਕਿਸਾਨ ਆਗੂਆਂ ਵੱਲੋਂ ਜਦੋਂ ਘਿਰਾਓ ਕਰਕੇ ਵਿਧਾਇਕ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਤਾਂ ਵਿਧਾਇਕ ਦੇ ਸਮਰਥਕਾਂ ਵੱਲੋਂ ਘਿਰਾਓ ਕਰਨ ਵਾਲਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਬਲਾਕ ਜਨਰਲ ਸਕੱਤਰ ਬੂਟਾ ਸਿੰਘ ਭਾਗੀਕੇ, ਗੁਰਮੁੱਖ ਸਿੰਘ ਹਿੰਮਤਪੁਰਾ, ਸੁਰਿੰਦਰ ਸਿੰਘ ਭਾਗੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਸੰਘਰਸ਼ ਕਰਦੇ ਲੋਕਾਂ ਦੀ ਹੱਕੀ ਆਵਾਜ਼ ਨੂੰ ਦਬਾਉਣ ਦੇ ਰਾਹ ’ਤੇ ਪਈ ਹੋਈ ਹੈ। ਸਰਕਾਰ ਵੱਲੋਂ ਲੋਕਾਂ ਪ੍ਰਤੀ ਅਖ਼ਤਿਆਰ ਕੀਤੇ ਇਸ ਰਵੱਈਏ ਦਾ ਜਵਾਬ ਪਿੰਡਾਂ ਦੀਆਂ ਸੱਥਾਂ ਵਿੱਚ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਦੇ ਵਿਧਾਇਕਾਂ ਨੂੰ ਇਹ ਲੋਕਾਂ ਪ੍ਰਤੀ ਅਖਤਿਆਰ ਕੀਤਾ ਤਾਨਾਸ਼ਾਹੀ ਵਾਲਾ ਰਵੱਈਆ ਬਹੁਤ ਮਹਿੰਗਾ ਪਵੇਗਾ। ਉਨ੍ਹਾਂ ਆਖਿਆ ਕਿ ‘ਆਪ’ ਵਿਧਾਇਕ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਇਸ ਦੌਰਾਨ ਲੋਕਾਂ ਵੱਲੋਂ ਵਿਧਾਇਕ ਦੇ ਖ਼ਿਲਾਫ਼ ਵੀ ਡਟ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਕਮਲਜੀਤ ਸਿੰਘ, ਅਜੈਬ ਸਿੰਘ, ਬੱਬਲ ਭਾਗੀਕੇ, ਸੋਨੀ ਹਿੰਮਤਪੁਰਾ, ਦੇਵ ਭਾਗੀ ਕੇ ਅਤੇ ਕਿਸਾਨ ਮਜ਼ਦੂਰ ਔਰਤਾਂ ਹਾਜ਼ਰ ਸਨ।