ਕਿਸਾਨਾਂ ਵੱਲੋਂ ਭਲਕ ਦੇ ਬੰਦ ਲਈ ਲਾਮਬੰਦੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਦਸੰਬਰ
ਕਿਸਾਨੀ ਮੰਗਾਂ ਦੀ ਪੂਰਤੀ ਲਈ ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ ਕਰੀਬ ਗਿਆਰਾਂ ਮਹੀਨਿਆਂ ਤੋਂ ਜਾਰੀ ਧਰਨਿਆਂ ਅਤੇ ਜਗਜੀਤ ਸਿੰਘ ਡੱਲੇਵਾਲ ਦੇ 33 ਦਿਨਾਂ ਤੋਂ ਜਾਰੀ ਮਰਨ ਵਰਤ ਦੇ ਰੂਪ ’ਚ ਜਾਰੀ ਸੰਘਰਸ਼ ਦੀ ਕੜੀ ਵਜੋਂ ਹੀ ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਸਬੰਧੀ ਲਾਮਬੰਦੀ ਜਾਰੀ ਹੈ। ਇਸ ਦੌਰਾਨ ਜਿੱਥੇ ਰੇਲਾਂ ਤੇ ਬੱਸਾਂ ਬੰਦ ਰੱਖੀਆਂ ਜਾਣਗੀਆਂ, ਉੱਥੇ ਹੀ ਹੋਰ ਵਾਹਨਾਂ ਸਣੇ ਬਾਜ਼ਾਰ ਅਤੇ ਵੱਖ-ਵੱਖ ਅਦਾਰੇ ਵੀ ਬੰਦ ਰੱਖਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਕਿਸਾਨ-ਮਜ਼ਦੂਰ ਮੋਰਚੇ ਦੇ ਆਗੂਆਂ ਨੇ ਸ਼ੰਭੂ ਬਾਰਡਰ ’ਤੇ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਕਿ ਉਸ ਦਿਨ ਰੇਲਵੇ ਸਟੇਸ਼ਨ ਸ਼ੰਭੂ ’ਤੇ ਵੀ ਵੱਡਾ ਧਰਨਾ ਲਾਇਆ ਜਾਵੇਗਾ। ਇਸੇ ਦੌਰਾਨ ਪੀਆਰਟੀਸੀ, ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਨੇ ਸਮਰਥਨ ਕੀਤਾ ਹੈ। ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਦਾ ਅਨੁਸਾਰ ਉਸ ਦਿਨ 10 ਤੋਂ 2 ਵਜੇ ਤੱਕ ਉਹ ਪੰਜਾਬ ਭਰ ’ਚ ਬੱਸਾਂ ਦਾ ਚੱਕਾ ਜਾਮ ਰੱਖਣਗੇ। ਦੋਧੀ ਯੂਨੀਅਨ ਵੀ 30 ਨੂੰ ਦੁੱਧ ਦੀ ਸਪਲਾਈ ਨਹੀਂ ਕਰੇਗੀ। ਇਸੇ ਦੌਰਾਨ ਕਿਸਾਨ ਯੂਨੀਅਨਾਂ ਸਣੇ ਹੋਰਾਂ ਵੱਲੋਂ ਵੀ ਸਮਰਥਨ ਦਾ ਐਲਾਨ ਕੀਤਾ ਗਿਆ ਹੈ।
ਦਰਸ਼ਨ ਪਾਲ ਵੱਲੋਂ ਵੀ ਹਮਾਇਤ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਾਵੇਂ ਸੰਘਰਸ਼ ਦੀ ਅਗਵਾਈ ਕਰ ਰਹੀਆਂ ਫੋਰਮਾਂ ’ਚ ਸ਼ਾਮਲ ਨਹੀਂ ਪਰ ਫਿਰ ਵੀ ਬੰਦ ਦਾ ਸਮਰਥਨ ਕੀਤਾ ਹੈ। ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨ ਪਾਲ ਨੇ ਹੋਰਨਾਂ ਵਰਗਾਂ ਨੂੰ ਵੀ ਸਮਰਥਨ ਲਈ ਅਪੀਲ ਕੀਤੀ ਹੈ।
‘ਆਪ’, ਅਕਾਲੀ ਦਲ ਤੇ ਕਾਂਗਰਸ ਸਥਿਤੀ ਸਪੱਸ਼ਟ ਕਰਨ: ਪੰਧੇਰ
ਕਿਸਾਨ ਆਗੂ ਸਰਵਣ ਪੰਧੇਰ ਨੇ ਜਿਥੇ ਸਾਰੇ ਵਰਗਾਂ ਤੋਂ ਬੰਦ ਲਈ ਸਮਰਥਨ ਮੰਗਿਆ ਹੈ, ਉੱਥੇ ਹੀ ਉਨ੍ਹਾਂ ਦਾ ਕਿਹਾ ਕਿ ਬੰਦ ਦੇ ਪ੍ਰੋਗਰਾਮ ਸਬੰਧੀ ‘ਆਪ’ ਸਣੇ ਅਕਾਲੀ ਦਲ ਤੇ ਕਾਂਗਰਸ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।